ਇਹ ਜਗ੍ਹਾ ਪਛਾਣੀ ਲਗਦੀ ਏ

ਇਹ ਜਗ੍ਹਾ ਪਛਾਣੀ ਲਗਦੀ ਏ
    ਰੁਕ ਕੇ ਕੁਝ ਚਿਰ ਚਲੀਏ ਜੀ
ਮੇਰੀ ਰੂਹ ਦੀ ਹਾਣੀ ਲਗਦੀ ਏ
    ਥੋੜਾ ਵੇਖ ਲਈਏ, ਫਿਰ ਚਲੀਏ ਜੀ

ਇਸੇ ਜਗ੍ਹਾ ਇਕ ਰੁੱਖ ਵੀ ਸੀ
    ਜੋ ਫਿੱਕਾ ਫਿੱਕਾ ਯਾਦ ਚ ਹੈ
ਉੱਸ ਬੁੱਢੇ ਦੇ ਫੁੱਲ ਝੜ ਰਹੇ ਸੀ
    ਮੇਰਾ ਕਦਮ ਹੁਣ ਉਹਦੀ ਮਿਆਦ ਚ ਹੈ
ਇਹ ਗਲ਼ ਰਹੀ ਜੋ ਮਿੱਟੀ ਵਿਚ -
ਉਸੇ ਰੁੱਖ ਦੀ ਟਾਹਣੀ ਲਗਦੀ ਏ
    ਉਸ ਨੂੰ ਚੁੱਕ, ਫਿਰ ਚਲੀਏ ਜੀ
ਇਹ ਜਗ੍ਹਾ ਪਛਾਣੀ ਲਗਦੀ ਏ
    ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ

ਇਸ ਥਾਂ ਨੂੰ ਛੱਡ ਕੇ ਦੂਰ ਪਰਾਂ
    ਕਿਤੇ ਉੱਡ ਗਏ ਸੀ ਪਰਿੰਦੇ ਜੀ
ਤੇ ਪਿੱਛੇ ਰਹਿ ਗਏ ਹਵਾ ਦੇ ਝੋਕੇ
    ਸੂਹਾਂ ਕੋਈ ਨਾ ਦਿੰਦੇ ਜੀ
ਸਮਿਆਂ ਨੇ ਛਾਣੀ ਲਗਦੀ ਏ -
ਗੱਲ ਬੜੀ ਪੁਰਾਣੀ ਲਗਦੀ ਏ
    ਹੁਣ ਹਵਾ ਦੇ ਵਿਚ ਘਿਰ ਚਲੀਏ ਜੀ
ਇਹ ਜਗ੍ਹਾ ਪਛਾਣੀ ਲਗਦੀ ਏ
    ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ

ਇੱਥੇ ਪਹਿਲਾਂ ਵੀ ਮੈਂ ਆਇਆ ਸੀ
    ਕਿਸੇ ਹੋਰ ਰੂਪ, ਲਿਬਾਸ ਚ ਸੀ
ਸਦੀਆਂ ਪਹਿਲਾਂ ਦੀ ਕੋਈ ਗੱਲ
    ਜੋ ਦੱਬ ਗਈ ਇਤਿਹਾਸ ਚ ਜੀ
ਧੁੱਪ ਸੇਕੀ-ਸੇਕੀ ਲਗਦੀ ਏ -
ਛਾਂ ਮਾਣੀ-ਮਾਣੀ ਲਗਦੀ ਏ
    ਫਿਰ ਮਾਣ ਵੇਲੇ ਸਿਰ ਚਲੀਏ ਜੀ
ਇਹ ਜਗ੍ਹਾ ਪਛਾਣੀ ਲਗਦੀ ਏ
    ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ

ਇੱਥੇ ਕਿਸੇ ਵਕਤ ਕਿਰਦਾਰਾਂ ਨੇ
    ਰਚੀ ਕੋਈ ਵਾਰਤਾ ਹੋਣੀ ਏ
ਤਾਹੀਓਂ ਇਹ ਥਾਂ ਸ਼ਾਂਤ ਜਿਹੀ ਹੈ
    ਤਾਹੀਓਂ ਇਹ ਥਾਂ ਸੁਹਣੀ ਏ
ਗੁੰਮ ਗਈ ਕੋਈ ਸਮਿਆਂ ਵਿਚ -
ਮੈਨੂੰ ਕੋਈ ਕਹਾਣੀ ਲਗਦੀ ਏ
    ਉਹ ਸੁਣ ਕੇ ਇਕ ਵਿਰ ਚਲੀਏ ਜੀ
ਇਹ ਜਗ੍ਹਾ ਪਛਾਣੀ ਲਗਦੀ ਏ
    ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ

ਮੈਨੂੰ ਸੁਣ ਰਹੇ ਇੱਥੇ ਗੀਤ ਕੋਈ
    ਮੈਨੂੰ ਸੁਣ ਰਹੀ ਹੁਣ ਰਬਾਬ ਹੈ ਜੀ
ਮੈਨੂੰ ਦਿਖ ਰਹੇ ਦੋ ਸੱਜਣ ਨੇ
    ਤੇ ਇੱਕ ਦੇ ਹੱਥ ਕਿਤਾਬ ਹੈ ਜੀ
ਇਸ ਹਵਾ ਚ ਗਾਉਂਦੀ ਤਦ ਤੋਂ ਹੀ -
ਨਾਨਕ ਦੀ ਬਾਣੀ ਲਗਦੀ ਏ
    ਉਹ ਸੁਣ ਕੇ, ਖਿੜ ਚਲੀਏ ਜੀ
ਇਹ ਜਗ੍ਹਾ ਪਛਾਣੀ ਲਗਦੀ ਏ
    ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ