ਚੇਤੇ ਦੀ ਦਸਤਾਰ

ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ
ਸੁਪਨੇ ਜਿੱਥੇ ਉੱਗਦੇ ਨੇ, ਕਿਹੜੇ ਨੇ ਉਹ ਦੇਸ!

ਕਿਹੜੇ ਨੇ ਉਹ ਖੇਤ-ਜ਼ਮੀਨਾਂ, ਕਿਹੜੇ ਪਿੰਡ ਦੀਆਂ ਹੱਟੀਆਂ
ਕਿਸ ਥਾਂ ਜੰਮੀਆਂ, ਕਿਸ ਮੀਂਹ ਵਰ੍ਹੀਆਂ, ਕਿਸ ਅਸਮਾਨੋਂ ਸੱਟੀਆਂ
ਕਿੰਨ੍ਹਾਂ ਚਿਠੀਆਂ ਰਾਹੀਂ ਮਿਲਣਗੇ, ਕੁਦਰਤ ਕੇ ਸੰਦੇਸ?
ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ।

ਸੁਪਨਿਆਂ ਦੇ ਉਸ ਦੇਸੋਂ, ਮੈਂ ਇਕ ਫੁੱਲ ਲੈ ਕੇ ਆਵਾਂ
ਆਪਣੇ ਪਿੰਡ ਦੀ ਜੂਹ ਦੇ ਅੰਦਰ, ਲੁਕਵੇਂ ਥਾਵੇਂ ਪਾਵਾਂ
ਲੱਗੇ ਕਿਵੇਂ ਨਾ ਲੂ ਵੀ ਉਸ ਨੂੰ, ਪਹੁੰਚੇ ਕਿਵੇਂ ਨਾ ਠੇਸ
ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ

ਸੁਪਨੇ ਦੇ ਵਿਚ ਮੇਰੇ ਕੱਲ ਮੈਂ ਪੁੱਜਿਆ ਕਿਸੇ ਜ਼ਮਾਨੇ
ਫਿਰਨ ਜਿੱਥੋਂ ਦੇ ਵਾਸੀ ਲੱਭਦੇ ਹੱਸਣ ਲਈ ਬਹਾਨੇ
ਕਿਵੇਂ ਮੈਂ ਮੁੜ ਕੇ ਪੁੱਜਾਂ ਵਾਪਸ, ਪੁੱਜਾਂ ਅੱਲੜ੍ਹ-ਵਰ੍ਹੇਸ
ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ

ਉਸ ਦੇਸ ਦੇ ਵਾਸੀ ਕੀ ਕਦ, ਇਸ ਬੰਨੇ ਵੀ ਆਵਣ
ਆਵਣ, ਆ ਕੇ ਸਾਡੀ ਬੋਲੀ ਵਿਚ ਕੋਈ ਗੱਲ ਸੁਣਾਵਣ
ਧਾਰ ਕੇ ਪਿੰਡ ਵਿਚ ਆਵਣਗੇ ਕੀ, ਸਾਡੇ ਵਾਲਾ ਭੇਸ?
ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ