ਏਨੇ ਗੀਤ

ਉਹਨਾਂ ਨੇ ਸਮੁੰਦਰ ਦੇ ਕੰਢਿਓਂ ਰੇਤ ਵਿਚੋਂ ਚੁੱਕ ਕੇ
ਇਕ ਸਿੱਪੀ ਨੂੰ ਕੰਨ ਨਾਲ ਲਾਇਆ
ਇਕ ਪਲ ਝੂਮ ਪਏ, ਫਿਰ ਮੈਨੂੰ ਬੁਲਾਇਆ
"ਜ਼ਰਾ ਸੁਣੋ, ਧਿਆਨ ਲਾ ਕੇ
ਗੀਤ ਸੁਣਾਈ ਦਿੰਦਾ ਹੈ।"

ਮੈਂ ਪੜ੍ਹਿਆ ਹੋਇਆ ਸੀ
ਕਿ ਹਵਾ ਜਦ ਸਿੱਪੀ ਦੀ ਗੋਲਾਈ ਚੋਂ ਲੰਘਦੀ ਹੈ
ਤਾਂ ਸਰਰਾਹਟ ਹੁੰਦੀ ਹੈ

ਪਰ ਉਹਨਾਂ ਦੇ ਕਹਿਣ ਤੇ ਕੰਨ ਨੂੰ ਲਾ ਕੇ ਸੁਣਿਆ
ਤੇ ਝੂਮ ਪਿਆ
ਤੇ ਕਿਹਾ
"ਹਾਂ, ਗੀਤ ਸੁਣਾਈ ਦਿੰਦਾ ਹੈ"

ਸਾਜ਼ ਹੈ, ਕਿ ਆਵਾਜ਼ ਹੈ
ਕਿ ਧੌਖਾ ਹੈ
ਕੁਝ ਤਾਂ ਅਨੌਖਾ ਹੈ

ਪਤਾ ਨਹੀਂ ਕਿੰਨੀ ਸਦੀਆਂ ਦਾ
ਇਹ ਗੀਤ ਵੱਜ ਰਿਹਾ ਸੀ
ਤੇ ਮੈਂ ਅੱਜ ਸੁਣਿਆ ਹੈ
ਰੱਜ ਸੁਣਿਆ ਹੈ।

ਫੇਰ ਨਜ਼ਰ ਪਈ
ਇਕ ਨਹੀਂ, ਹਜ਼ਾਰ ਸਿੱਪੀਆਂ
ਫਿਰ ਇਸ ਤਾਰ ਤੇ ਨਾਦ ਛੇੜਨ ਵਾਲੀਆਂ
ਸਦਾ ਸਦਾ ਤੋਂ ਚਲਦੀਆਂ ਹਵਾਵਾਂ

ਮੈਂ ਕੀ ਸੁਣਾਂ?
ਕੀ ਫੜਾਂ, ਕੀ ਸਾਂਭਾਂ?
ਸਿੱਪੀ, ਹਵਾ, ਕਿ ਇਨ੍ਹਾਂ ਦੀ ਪ੍ਰੀਤ?
ਵਾਛੜਾਂ, ਲੂਆਂ ਕਿ ਸੀਤ?
ਬੋਝੇ ਵਿਚ ਨਹੀਂ ਆਉਂਦੇ
ਏਨੇ ਗੀਤ, ਏਨੇ ਗੀਤ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ