ਭਿੱਜੀ ਨੀਲੀ ਦਸਤਾਰ
ਜਦ ਮੈਂ ਸਮੰਦਰ ਵਿਚ ਉਤਰਿਆ
ਤਾਂ ਲਹਿਰਾਂ ਦੇ ਜ਼ੋਰ ਨਾਲ
ਮੇਰੀ ਨੀਲੀ ਦਸਤਾਰ ਭਿੱਜ ਗਈ
ਕੁਝ ਭਾਰੀ ਹੋ ਗਈ, ਪਰ ਮੈਂ ਸ਼ੌਂਕ ਨਾਲ ਬੰਨ੍ਹੀ ਰੱਖੀ
ਸ਼ਾਮ ਤੱਕ ਆਪੇ ਸੁੱਕ ਵੀ ਗਈ
ਅਗਲੇ ਦਿਨ ਸਜਾਉਣ ਲਈ
ਜਦ ਪਹਿਲਾ ਲੜ ਮੂੰਹ ਵਿਚ ਰੱਖਿਆ
ਤਾਂ ਇਕ ਨਵਾਂ ਸੁਆਦ ਆਇਆ:
ਸਮੁੰਦਰ ਦਾ ਸੁਆਦ।
ਉਸਦੇ ਨਮਕੀਨ ਹੋਣ ਵਿਚ ਵੀ ਮਿਠਾਸ ਲੱਗੀ
ਮੈਨੂੰ ਇੰਞ ਲੱਗਿਆ
ਜਿਵੇਂ ਮੈਂ ਸਮੁੰਦਰ ਦਾ ਇਕ ਟੁਕੜਾ
ਆਪਣੀ ਦਸਤਾਰ ਵਿਚ ਭਰ ਕੇ ਲੈ ਆਇਆ ਹੋਵਾਂ।
ਘਰ ਮੁੜਿਆ, ਦਸਤਾਰ ਧੋਤੀ ਗਈ
ਮੈਂ ਸੋਚਿਆ ਸਮੁੰਦਰ ਵੀ ਧੋਤਾ ਗਿਆ
ਪਰ ਅੱਜ ਬੜੇ ਦਿਨਾਂ ਪਿੱਛੋਂ
ਜਦ ਫਿਰ ਉਹੀ ਦਸਤਾਰ ਸਜਾਉਣ ਲੱਗਾ
ਤਾਂ ਬੜਾ ਹੈਰਾਨ ਹੋਇਆ:
ਮੈਨੂੰ ਫਿਰ ਉਹੀ ਸੁਆਦ ਆਇਆ
ਤੇ ਇਕਦਮ ਜ਼ੋਰਦਾਰ ਲਹਿਰਾਂ ਫਿਰ ਚੇਤੇ ਆ ਗਈਆਂ
ਜਦ ਸਜਾ ਲਈ ਤਾਂ ਲੱਗਿਆ
ਜਿਵੇਂ ਸਿਰ ਉੱਪਰ ਪੰਜ ਲੜ ਨਹੀਂ
ਪੰਜ ਨੀਲੀਆਂ ਲਹਿਰਾਂ ਹੀ ਹੋਣ
ਮੇਰਾ ਅਹਿਸਾਸ ਹੈ
ਕਿ ਸਮੁੰਦਰ ਦੇ ਖਾਰੇਪਨ ਵਿਚ ਵੀ ਮਿਠਾਸ ਹੈ
ਮੇਰੀ ਦਸਤਾਰ ਦੇ ਰੂਪ ਵਿਚ
ਛੇ ਗਜ ਦਾ ਸਮੁੰਦਰ ਮੇਰੇ ਪਾਸ ਹੈ
Comments
Post a Comment