ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼
ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼
"ਅਟੈਂਸ਼ਨ ਸਪੈਨ" ਘੱਟ ਜੋ ਹੋ ਗਿਆ ਹੈ
ਹਾਲੇ ਕੱਲ ਤਾਂ ਦੰਗੇ ਹੋਏ ਸੀ, ਨਾਰੇ ਲੱਗੇ ਸੀ,
ਲਹੂ ਡੁੱਲ੍ਹਿਆ ਸੀ, ਝੁੱਗੀਆਂ ਸੜੀਆਂ ਸੀ
ਕਈਆਂ ਨੂੰ ਰੋਸ ਵੀ ਹੋਇਆ ਸੀ, ਸੁਰਖੀਆਂ ਬਣੀਆਂ ਸੀ
ਮੈਨੂੰ ਯਾਦ ਹੈ ਹੰਝੂ ਵੀ ਨਿਕਲੇ ਸੀ
ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ
ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ
ਹਾਲੇ ਕੱਲ ਤਾਂ ਗੋਲੀਆਂ ਚੱਲੀਆਂ ਸੀ, ਪੁਸ਼ਾਕਾਂ ਦੇ ਸਿਰ ਤੇ
ਗੋਲੀਆਂ ਚਲਾਉਣ ਵਾਲੇ ਫਿਰ, "ਪਾਗਲ" ਕਰਾਰ ਦਿੱਤੇ ਗਏ
ਤੁਸੀਂ ਵੀ ਡਰੇ ਸੀ, ਘਰਾਂ ਚੋਂ ਨਿਕਲਣ ਤੋਂ
ਖਬਰਾਂ ਇਹਦੀਆਂ ਵੀ ਚੱਲੀਆਂ ਸੀ
ਮੈਨੂੰ ਯਾਦ ਹੈ ਅੱਖਾਂ ਨਮ ਹੋਈਆਂ ਸੀ
ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ
ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ
ਹਾਲੇ ਕੱਲ ਹੀ ਬਲ ਕੇ ਡਿੱਗੇ ਸੀ, ਗਿਰਜੇ ਵੀ, ਮਸੀਤਾਂ ਵੀ
ਇਨ੍ਹਾਂ ਹੀ ਚੁਰਾਹਿਆਂ ਵਿਚ ਤਾਂ, ਖੜ੍ਹ ਕੇ ਪੱਤਾਂ ਰੁਲੀਆਂ ਸੀ
ਅਫਸੋਸ! ਉਹ ਵੀ ਰੀਲ ਹੀ ਸੀ
ਉਦੋਂ ਵੀ ਤੁਸੀਂ ਚੀਖੇ ਸੀ, ਖੂਨ ਖੋਲਿਆ ਸੀ
ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ
ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ
ਹਾਲੇ ਕੱਲ ਹੀ ਚਾਨਣ ਮੁਨਾਰੇ, ਕਿਰਦਾਰਾਂ ਤੋਂ ਡਿੱਗੇ ਸੀ
ਜਦ ਅਧਿਆਪਕਾਂ ਨੇ ਜਮਾਤਾਂ ਵਿਚ, ਕੁਝ ਖਾਸ ਚਿਹਰੇ ਚੁਗੇ ਸੀ
ਕੱਚੇ ਦਿਲਾਂ ਵਿਚ ਨਫਰਤਾਂ ਦੇ, ਬੀਜ ਡੂੰਘੇ ਪਾਏ ਸੀ
ਕੀ ਕਰਨੀਆਂ ਕਿਤਾਬਾਂ, ਸਾੜ ਦਿਉ, ਫੂਕ ਦਿਉ
ਮਸ਼ਾਲਾਂ ਨਾਲ ਚਾਨਣ ਕਰਨ ਵਾਲੇ, ਮਸ਼ਾਲਾਂ ਸੁੱਟ ਅੱਗਾਂ ਲਾ ਰਹੇ
ਸੰਸਾਰ ਕਟੁੰਬ ਦੀ ਗੱਲ ਕਰਨ ਵਾਲੇ, ਆਪਣਿਆਂ ਦੀਆਂ ਪੱਗਾਂ ਲਾਹ ਰਹੇ
ਉਦੋਂ ਵੀ ਤੁਸੀ ਕੰਬੇ ਸੀ, ਇਸ ਵਰਤਾਰੇ ਤੋਂ
ਹੁਣ ਭੁੱਲ ਗਏ ਹੋ, ਸਾਊ ਬਣ ਗਏ ਹੋ
ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ
ਹਾਲੇ ਕੱਲ ਤਾਂ ਟਰੈਕਰਾਂ ਵਾਲੇ, ਅੱਤਵਾਦੀ ਕਹਾਏ ਗਏ ਸੀ
ਹਾਲੇ ਕੱਲ ਤਾਂ ਤੁਹਾਡੀਆਂ ਮਾਤਾਵਾਂ, ਵਿਕਾਊ ਆਖੀਆਂ ਗਈਆਂ ਸੀ
ਹਾਲੇ ਕੱਲ ਤਾਂ ਤੁਹਾਡੀਆਂ ਜੋੜੀਆਂ ਹੋਈਆਂ, ਕਮਾਈਆਂ ਖੋਹੀਆਂ ਗਈਆਂ ਸੀ
ਹਾਲੇ ਕੱਲ ਤਾਂ ਤਿੱਖੀਆਂ ਕਲਮਾਂ ਦੇ, ਸੀਸ ਵੱਢੇ ਗਏ ਸੀ
ਹਾਲੇ ਕੱਲ ਤਾਂ ਕਿਤਾਬਾਂ ਵਿਚ ਤੁਹਾਡਾ ਇਤਿਹਾਸ ਬਦਲਿਆ ਸੀ
ਪਰ ਚਲੋ, ਕੀ ਫਰਕ ਪੈਂਦਾ ਹੈ
ਜਿਹੜੀ ਰੀਲ ਹੁਣ ਸਾਹਮਣੇ ਹੈ,
ਉਸ ਵਿਚ ਤਾਂ ਮੇਲਾ ਲੱਗਾ ਹੋਇਆ ਹੈ
ਸ਼ਹਿਰ ਸੱਜ ਗਏ ਨੇ, ਮਹਿਮਾਨ ਆ ਗਏ ਨੇ
ਖੂਨ ਦੇ ਛਿੱਟੇ ਲੁਕ ਗਏ ਨੇ, ਟੀਨ ਦੀਆਂ ਚਾਦਰਾਂ ਪਿੱਛੇ
ਸੜਕਾਂ ਤੇ ਸਫਾਈ ਹੈ
ਅਮਰੀਕਾ ਵਾਲੇ ਆਏ ਨੇ, ਨਾਲ ਭਰਜਾਈ ਹੈ।
ਹੁਣ ਤੁਸੀਂ ਨੀਚੇ ਸਕ੍ਰੋਲ ਕਰੋਗੇ, ਅਗਲੀ ਰੀਲ ਆਏਗੀ
ਇਸ ਰੀਲ ਵਿਚ ਕੀ ਵੇਖਿਆ, ਸਾਰੀ ਗੱਲ ਹੀ ਭੁੱਲ ਜਾਏਗੀ।
ਹੈਪੀ ਸਕ੍ਰੋਲਿੰਗ।
Comments
Post a Comment