ਆਨੰਦ ਦਾ ਲਮ੍ਹਾ
ਆਵਿਸ਼ਕਾਰਕੋ, ਵਿਗਿਆਨੀਓ,
ਕੁਦਰਤ ਦੇ ਪ੍ਰੇਮੀ, ਧਿਆਨੀਓ,
ਕਈ-ਕਈ ਕਾਢਾਂ ਕੱਢੀਆਂ ਨੇ,
ਸਹੂਲਤਾਂ ਸਭ ਨੂੰ ਵੱਡੀਆਂ ਨੇ,
ਲਾਭ ਲੈਣ ਨਿਰਧਨ, ਧਨਾਢ ਵੀ,
ਹੁਣ ਕੱਢ ਦਿਉ ਐਸੀ ਕਾਢ ਵੀ,
ਕੈਦ ਹੋ ਜਾਣ ਪਲ ਸੁਲੱਖਣੇ,
ਜੋ ਚਾਹੁੰਨਾਂ ਸਾਂਭ ਕੇ ਰੱਖਣੇ,
ਇਕ ਇਹ ਵੀ ਮੇਰੀ ਗੁਜ਼ਾਰਿਸ਼ ਹੈ,
ਕਿ ਪੈਂਦੀ ਜਦ ਵੀ ਬਾਰਿਸ਼ ਹੈ,
ਪੈਂਦੇ ਵਾਛਣ ਦੇ ਛਿੱਟੇ ਨੇ,
ਜਾਂ ਟਹਿਕਦੇ ਕਣਕ ਦੇ ਸਿੱਟੇ ਨੇ,
ਜਾਂ ਠੰਢੀ ਹਵਾ ਜਦ ਚਲਦੀ ਹੈ,
ਜਾਂ ਟਾਹਣੀ ਅੰਬ ਦੀ ਫਲਦੀ ਹੈ,
ਜਾਂ ਤਾਰਾ ਭੇਤ ਕੋਈ ਦੱਸਦਾ ਏ,
ਜਾਂ ਜੁਆਕ ਮਾਸੂਮ ਕੋਈ ਹੱਸਦਾ ਏ,
ਜਾਂ ਸਰੂਰ ਜੋ ਕਈ ਕਿਵਾੜਾਂ ਦਾ,
ਜਾਂ ਨਸ਼ਾ ਜੋ ਹੁੰਦਾ ਪਹਾੜਾਂ ਦਾ,
ਉਹ ਵੀ ਕਿਸੇ ਥਾਂ ਭਰ ਸਕੀਏ,
ਅਸੀਂ ਉਹ ਵੀ ਕੈਦ ਹੁਣ ਕਰ ਸਕੀਏ,
ਤਕਨੀਕ ਕੋਈ ਐਸੀ ਭਾਲ ਲਈਏ,
ਇਕ ਆਨੰਦ ਦਾ ਲਮ੍ਹਾ ਸਮ੍ਹਾਲ ਲਈਏ,
ਕਿਉਂਕਿ ਚੰਦ ਦਾ ਹੈ ਜੋ ਚਾਨਣਾ,
ਮੈਂ ਦਿਨ੍ਹੇ ਵੀ ਚਾਹੁਨਾਂ ਮਾਨਣਾ।

Comments
Post a Comment