ਹੌਲੀ, ਚੁੱਪਚਾਪ
ਅੱਜ ਹਵਾ ਹੈ ਛੂਹ ਕੇ ਵੇਖ ਲੈਣੀ,
ਲੈ ਲੈਣਾ ਰਾਤ ਦਾ ਮਾਪ,
ਪੱਤਿਆਂ ਦਾ ਗੀਤ ਹੈ ਬੁੱਝ ਲੈਣਾ,
ਬੁੱਝ ਲੈਣਾ ਬੱਦਲੀਂ ਅਲਾਪ।
ਅੱਜ ਗਿਣ ਹਰ ਖਿਣ ਹਰ ਕਿਣ-ਕੇ ਨੂੰ,
ਹਰ ਰਮਜ਼ ਨੂੰ ਲੈਣਾ ਹੈ ਭਾਂਪ,
ਛੂਹ ਕੇ ਮਿੱਟੀ, ਤੇ ਫਿਰ ਮੱਥਾ,
ਦੇਣਾ ਮਿਟਾ ਅਸੀਂ ਤਾਪ।
ਮਨ ਹੀ ਮਨ ਵਿਚ ਗੁਣਗੁਣਾ ਕੇ,
ਵਸਾ ਲੈਣਾ ਅਸਾਂ ਨੇ ਜਾਪ,
ਹਰ ਕਦਮ ਦੋ ਪਲ ਥਮ ਕੇ ਇੰਞ,
ਛੱਡ ਜਾਣੀ ਅਸਾਂ ਨੇ ਛਾਪ।
ਫਿਰ ਰੁੱਕ ਕੇ ਕੁਝ ਦੇਰ, ਝੁੱਕ ਕੇ ਜੀ,
ਗਿਣ ਲੈਣੇ ਸਭ ਹਨ ਪਾਪ,
ਪੁੱਛ ਲੈਣਾ ਵਗਦੇ ਪਾਣੀਆਂ ਨੂੰ,
ਦੱਸੋ ਤਾਂ ਕੀ ਏ ਮਿਲਾਪ!
ਅੱਜ ਤਾਰੇ ਵੀ ਸੱਚੀਂ ਗਿਣ ਲੈਣੇ,
ਤੇ ਚੰਨ ਵੀ ਲੈਣਾ ਹੈ ਨਾਪ,
ਅੱਜ ਹੌਲੀ ਹੀ ਹੌਲੀ ਚਾਲ ਰੱਖਣੀ,
ਤੇ ਤੁਰਨਾ ਹੈ ਬੱਸ ਚੁੱਪਚਾਪ।

Comments
Post a Comment