ਕਿਸ ਕੰਮ ਦਾ
ਚਿੱਠੀ ਲੈ ਕੇ ਨਾ ਜੋ ਜਾਵੇ, ਉਹ ਬਾਣ ਕਿਸ ਕੰਮ ਦਾ?
ਜੋ ਝੂਠ ਨੂੰ ਨਾ ਵੱਢੇ, ਤੀਰ-ਕਮਾਨ ਕਿਸ ਕੰਮ ਦਾ?
ਮੰਦੇ ਨੂੰ ਛੱਡ, ਜੋ ਚੰਗੇ ਨੂੰ ਉਖਾੜੀ ਜਾਵੇ,
ਜੋ ਸੱਚ ਨੂੰ ਉਜਾੜੇ, ਉਹ ਤੂਫਾਨ ਕਿਸ ਕੰਮ ਦਾ?
ਪਹਿਲਾਂ ਈਰਖਾ ਚ ਸੜਿਆ, ਫਿਰ ਚਿਤਾ ਵਿਚ ਸੜਨਾ ਏ,
ਜੋ ਤੈਨੂੰ ਸਵਰਗ ਵਿਚ ਨਾ ਭੇਜੇ, ਉਹ ਸ਼ਮਸ਼ਾਨ ਕਿਸ ਕੰਮ ਦਾ?
ਦੱਬ ਜਾਣਾ ਸੌਖਾ, ਪਰ ਉੱਠਣਾ ਔਖਾ ਡਾਹਢਾ ਏ,
ਜੋ ਤੇਰੀ ਹਉਮੈ ਨੂੰ ਨਾ ਦੱਬੇ, ਕਬਰਿਸਤਾਨ ਕਿਸ ਕੰਮ ਦਾ?
ਭਲਵਾਨੀ ਜਿਸਦੀ ਅਖਾੜੇ ਤੋਂ, ਬਾਹਰ ਕਦਮ ਧਰੇ ਨਾ,
ਜੋ ਹੱਕ ਲਈ ਨਾ ਭਿੜੇ, ਉਹ ਭਲਵਾਨ ਕਿਸ ਕੰਮ ਦਾ?
ਪਰਜਾ ਦੇ ਪੈਸੇ ਦੀ, ਢੇਰੀ ਤੇ ਜੋ ਬੈਠਾ ਹੋਵੇ,
ਚੰਗੇ ਰਾਹ ਨਾ ਲਾਵੇ, ਉਹ ਦੀਵਾਨ ਕਿਸ ਕੰਮ ਦਾ?
ਜਿੱਥੇ ਖੜਕਣ ਦੇਹਾਂ, ਤਿੰਨ ਸੌ ਪੈਂਹਠ ਦਿਨ ਤਲਵਾਰਾਂ,
ਜਿੱਥੇ ਕਿਲਕਾਰੀਆਂ ਨਾ ਗੂੰਜਣ, ਉਹ ਮੈਦਾਨ ਕਿਸ ਕੰਮ ਦਾ?
ਜਿੱਥੇ ਲੋਭ, ਮੋਹ, ਹੰਕਾਰ ਦਾ, ਗੰਦ ਹਾਲੇ ਵੀ ਬਿਖਰਿਆ,
ਜਿੱਥੇ ਹਿੰਦੂ ਹਿੰਦੂ ਨੂੰ ਨਾ ਪਛਾਣੇ, ਹਿੰਦੁਸਤਾਨ ਕਿਸ ਕੰਮ ਦਾ?
ਸ਼ੈਤਾਨ ਉਹ ਜੋ ਪਾੜ-ਪਾੜ, ਦੂਜਿਆਂ ਨੂੰ ਖਾ ਜਾਵੇ,
ਜੋ ਖੁਦ ਨੂੰ ਹੀ ਖਾਵੇ, ਉਹ ਸ਼ੈਤਾਨ ਕਿਸ ਕੰਮ ਦਾ?
ਪ੍ਰਧਾਨੀ ਤੋਂ ਸਿਵਾ ਕੁਝ, ਜੋ ਹੋਰ ਕਰੇ ਨਾ,
ਜੋ ਸਥਿਤੀ ਨਾ ਸਵਾਰੇ, ਉਹ ਪ੍ਰਧਾਨ ਕਿਸ ਕੰਮ ਦਾ?
ਸੱਚ ਦੇ ਨਾਮ ਤੇ ਪ੍ਰਾਣ, ਦੂਜਿਆਂ ਦੇ ਖੋਂਹਦਾ ਜਾਵੇ,
ਪ੍ਰਾਣ ਪ੍ਰਾਣ ਨੂੰ ਹੀ ਖੋਹਵੇ, ਉਹ ਪ੍ਰਾਣ ਕਿਸ ਕੰਮ ਦਾ?
ਜੋ ਡੌਲਿਆਂ ਤੋਂ ਛਾਤੀ ਤੱਕ, ਪਹੁੰਚ ਹੀ ਨਾ ਸਕੇ ਫਿਰ,
ਜੋ ਸੀਨਾ ਧਨੀ ਅੱਗੇ ਝੁਕਾ ਲਵੇ, ਉਹ ਤਾਣ ਕਿਸ ਕੰਮ ਦਾ?
ਜੋ ਸਾਰ ਸੇਵਕ ਦੀ ਨਾ ਲਵੇ, ਲੱਡੂ ਕੂੜ ਦੇ ਦਵੇ,
ਜੋ ਕੇਵਲ ਨਾਮ ਦਾ ਭਗਵਾਨ, ਉਹ ਭਗਵਾਨ ਕਿਸ ਕੰਮ ਦਾ?
ਮਾਣ-ਸਨਮਾਨ ਦੀ ਥਾਂ, ਜੋ ਜਨਮ ਦੇਵੇ ਆਕੜ ਨੂੰ,
ਉਹ ਮਾਣ ਕਿਸ ਕੰਮ ਦਾ, ਸਨਮਾਨ ਕਿਸ ਕੰਮ ਦਾ?
ਜਿਸਦਾ ਨਿਸ਼ਾਨਾ ਕੇਵਲ, ਵਾਹ-ਵਾਹ ਲੁੱਟਣਾ,
ਜਿਸਦਾ ਇਰਾਦਾ ਹੀ ਨਾ ਨੇਕ, ਉਹ ਅਭਿਆਨ ਕਿਸ ਕੰਮ ਦਾ?
ਆਪਣੇ ਤੋਂ ਵਾਂਝਾ, ਪਰਾਏ ਚੁੰਮੇ ਪੈਰ,
ਜੋ ਸਕੇ ਵੱਲ ਨਾ ਜਾਵੇ, ਉਹ ਧਿਆਨ ਕਿਸ ਕੰਮ ਦਾ?
ਕਿਸੇ ਬਜ਼ੁਰਗ ਵਿਚਾਰੇ ਦੇ, ਸਹਾਰੇ ਦੀ ਲਾਠੀ ਨਾ ਬਣੇ,
ਬੱਚੇ ਤੇ ਜਵਾਨੀ ਘੋਟੇ, ਉਹ ਜੁਆਨ ਕਿਸ ਕੰਮ ਦਾ?
ਕਿਤਾਬਾਂ ਤੱਕ ਸੀਮਤ, ਜੇ ਟਕੇ ਦੀ ਨਾ ਕੀਮਤ,
ਜੋ ਕੰਮ ਹੀ ਨਾ ਆਵੇ, ਉਹ ਗਿਆਨ ਕਿਸ ਕੰਮ ਦਾ?
ਬਾਹਰੋਂ ਪਿਆਰ, ਅੰਦਰ ਛੁਰੀ ਤਿਆਰ ਹੋਵੇ,
ਜੋ ਕੇਵਲ ਬਾਹਰੀ ਦਿਖਾਵਾ, ਉਹ ਈਮਾਨ ਕਿਸ ਕੰਮ ਦਾ?
ਦਿਲ ਤੇ ਦਿਮਾਗ ਤਾਂ, ਪਸ਼ੂਆਂ ਚ ਵੀ ਹੁੰਦੇ ਨੇ,
ਫਿਰ ਇਨਸਾਨੀਅਤ ਬਗੈਰ, ਉਹ ਇਨਸਾਨ ਕਿਸ ਕੰਮ ਦਾ?
Comments
Post a Comment