ਮੇਰਾ ਗੀਤ

ਕੋਈ ਸੁਣਦਾ ਤਾਂ ਨਹੀਂ ਗੀਤ ਮੇਰਾ?
ਕੋਈ ਬੈਠਾ ਤਾਂ ਨਹੀਂ ਮੀਤ ਮੇਰਾ?
ਫੁੱਲ ਕੋਈ? ਟਾਹਣੀ? ਪੰਛੀ? ਪੌਧਾ?
ਕੋਈ ਸੁਣਦਾ ਤਾਂ ਨਹੀਂ ਗੀਤ?

ਮੇਰਾ ਗੀਤ ਬੜਾ ਹੀ ਨਿੱਕਾ ਏ,
ਫਿੱਕਾ, ਖੋਟਾ ਸਿੱਕਾ ਏ,
ਸੁਣ ਕੇ ਫੁੱਲ ਕੋਈ ਹੱਸ ਨਾ ਪਏ
ਪਿਆ ਸੁਣਦਾ ਤਾਂ ਨਹੀਂ ਗੀਤ?

ਉਸ ਰੁੱਖ ਦੇ ਸਾਮ੍ਹਣੇ ਕੁਝ ਵੀ ਨਹੀਂ,
ਉੱਚਾ, ਤਕੜਾ, ਉੰਝ ਵੀ ਨਹੀਂ,
ਰੁੱਖ ਤੋਂ ਲਵਾਂ ਲੁਕੋ ਕੇ ਗਾ,
ਉਹ ਸੁਣਦਾ ਤਾਂ ਨਹੀਂ ਗੀਤ?

ਕੋਇਲ ਤਾਂ ਨਹੀਂ ਸੁਣਦੀ ਪਈ,
ਮਨ ਵਿਚ ਗੁੱਸੇ ਹੁੰਦੀ ਪਈ,
ਸੁਣ ਕੇ ਸੁਰ ਇਹ ਟੇਢੇ-ਮੇਢੇ;
ਨਹੀਂ, ਸੁਣਦੀ ਤਾਂ ਨਹੀਂ ਗੀਤ!

ਲੁਕੋ ਲਵਾਂ ਗੀਤ ਆਕਾਸ਼ ਤੋਂ ਵੀ,
ਉਹ ਵਿਸ਼ਾਲ ਮੇਰੀ "ਕਾਸ਼" ਤੋਂ ਵੀ,
ਸੁਣਿਐ ਕੰਨ ਉਹਦੇ ਵੱਡੇ ਨੇ,
ਪਰ ਸੁਣਦਾ ਤਾਂ ਨਹੀਂ ਗੀਤ?

ਡਰ ਧਰਤੀ ਤੋਂ ਲਗਦਾ ਏ,
ਇਸ ਤੇ ਝਰਨਾ ਵਗਦਾ ਏ,
ਝਰਨਾ ਕਹਿੰਦੇ ਸੁਰੀਲਾ ਹੁੰਦੈ,
ਸੁਣ ਨਾ ਪਏ ਮੇਰਾ ਗੀਤ!

ਮੀਂਹ ਤੇ ਬਿਜਲੀ ਗਰਜ ਨਾ ਪੈਣ,
ਮੈਨੂੰ ਗਾਉਣ ਤੋਂ ਵਰਜ ਨਾ ਲੈਣ,
ਮੇਰੀ ਗਰਜ਼ - ਨਹੀਂ ਮੇਰੇ ਚ ਗਰਜ,
ਸੁਣਿਉ ਨਾ ਤੁਸੀਂ ਗੀਤ।

ਹੋ! ਡਾਂਟ ਦੇਵੇ ਨਾ ਰਾਗੀ ਕੋਈ,
ਨਹੀਂ ਧੁਨ ਤਾਂ ਐਸੀ ਜਾਗੀ ਕੋਈ?
ਨਹੀਂ ਕਾਬਲ, ਸੁਰ-ਤਾਲ-ਪਰਖ ਦੇ,
ਨਾ ਸੁਣ ਲੈਣ ਉਹ ਗੀਤ।

ਚਲੋ, ਨਹੀਂ ਉੱਚੀ ਗਾਉਂਦੇ ਜੀ,
ਮਨ ਹੀ ਮਨ ਗੁਣਗੁਣਾਉਂਦੇ ਜੀ,
ਮੇਰੇ ਦਿਲ ਨੂੰ ਸੁਣਨਾ ਚਾਹੀਏ ਬੱਸ,
ਮੈਂ ਨੂੰ ਸੁਣਨਾ ਚਾਹੀਏ ਗੀਤ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ