ਤਸਵੀਰ
ਸੁੰਦਰ ਇੱਕ ਝਪਕ ਕੇ ਅੱਖਾਂ,
ਖਿਚ ਲਈ ਮੈਂ ਤਸਵੀਰ,
ਹਰ ਪਲ ਦਿਲ ਦੇ ਖਾਨੇ ਰੱਖਾਂ,
ਤਕ ਮੈੰ ਇਹ ਅਖੀਰ।
ਵਿਛੀ ਘਾਹ ਹੈ ਚਾਦਰ ਵਾਂਗਰ,
ਰੁਖ ਹੋਣੇ ਦਸ ਬਾਰਾਂ,
ਆਸਮਾਨ ਸਿਆਹੀ ਦੇ ਰੰਗ ਦਾ,
ਬੱਦਲਾਂ ਦੀਆਂ ਬਹਾਰਾਂ।
ਇਕ ਪਾਸੇ ਕੋਈ ਕੁੜੀ ਖੇਡਦੀ,
ਬੈਠ ਕਤੂਰਿਆਂ ਨਾਲ,
ਇਕ ਕੋਈ ਮਾਲੀ ਫੁੱਲ ਸੀਂਚਦਾ,
ਦਾਤੀ ਛੁਰਿਆਂ ਨਾਲ।
ਇਕ ਗਿਲਹਿਰੀ ਰੁੱਖ ਤੇ ਚੜ੍ਹਦੀ,
ਮਾਰ ਕੇ ਛਾਲਾਂ ਛੇਤੀ,
ਚਿੜੀਆਂ ਲਾਇਆ ਆਣਾ-ਜਾਣਾ,
ਰੁੱਖ ਉਨ੍ਹਾਂ ਦੀ ਖੇਤੀ।
ਇੱਕ ਕੁਰਸੀ ਤੇ ਬੀਬੀਆਂ ਬਹੀਆਂ,
ਕਰਨ ਗੱਲਾਂ ਕਦੇ ਹੱਸਣ,
ਦਿਲ ਦੀਆਂ ਗੱਲਾਂ ਜੀਭ ਤੇ ਧਰ ਕੇ
ਖੁੱਲ੍ਹ ਖੁੱਲ੍ਹ ਕੇ ਦੱਸਣ।
ਇੱਕ ਕੋਈ ਬਾਬਾ ਰਾਹ ਤੇ ਤੁਰਦਾ,
ਕਰਦਾ ਸੈਰ ਸਪਾਟਾ,
ਜ਼ਿਆਦਾ ਤਾਂ ਅੰਦਰ ਹੀ ਤੱਕਦਾ,
ਬਾਹਰ ਮੋੜਾ-ਮਾਟਾ।
ਇੱਕ ਕੋਈ ਕੁੱਤਾ ਤੁਰਿਆ ਜਾਂਦਾ,
ਨਾ ਕੋਈ ਸ਼ਿਕਨ ਨਾ ਫ਼ਿਕਰਾਂ,
ਇਕ ਕੋਈ ਨਿਆਣਾ ਦੌੜਾਂ ਲਾਉਂਦਾ,
ਸਿਰੇ ਤੋੰ ਸੋਰੇ ਤੀਕਰਾਂ।
ਨਿਆਣੇ ਦਾ ਦਿਲ ਬਾਗ ਦੇ ਵਰਗਾ,
ਸ਼ਾਂਤ ਹੈ ਵਿਚ ਹਰਿਆਲੀ,
ਉਸ ਦਾ ਦਿਨ ਨਾ ਮੁੱਕਦਾ ਛੇਤੀ,
ਨਾ ਸੁਸਤੀ, ਨਾ ਕਾਹਲੀ।
ਤੇ ਇਕ ਕਵੀ ਮੈੰ ਸਭ ਕੁਝ ਤੱਕਦਾ,
ਖੜ੍ਹ ਕੇ ਰਾਹ ਦੇ ਵਿੱਚੀ,
ਅੱਖਰ ਸਾਂਭ ਕੇ ਹੈ ਰੱਖ ਸਕਦਾ,
ਤਾਂ ਤਸਵੀਰ ਮੈੰ ਖਿੱਚੀ।

Comments
Post a Comment