ਧੂੜ ਹੋਣ ਨੂੰ ਮਨ ਕਰਦਾ ਹੈ
ਧੂੜ ਹੋਣ ਨੂੰ ਮਨ ਕਰਦਾ ਹੈ
ਮੈਂ ਮਿੱਟੀ ਹੋ ਜਾਵਾਂ - ਕਿਸੇ ਉੱਚੇ ਦੇ ਕਦਮਾਂ ਦੀ
ਵਿਛ ਜਾਵਾਂ, ਮਿਟ ਜਾਵਾਂ
ਸਦਕੇ-ਸਦਕੇ
ਕਿ ਕਿਤੇ ਤੁਹਾਡਾ ਕਣ ਜਿੱਡਾ ਜੇਕਰ ਵਸਾ ਸਕਾਂ
ਮੇਰੇ ਮਨ ਦਾ ਪਹਾੜ
ਖੁਰੇ ਕਾਸ਼
ਰੁੜ੍ਹੇ ਕਿਸੇ ਦਰਿਆ ਵਿਚ
ਖੁਰਚ ਖੁਰਚ ਆਪਾ ਗੁਆ ਦਏ
ਹਸਤੀ ਨਾ ਰਹੇ
ਧੂੜ ਬਣੇ, ਫਿਰ ਕੋਈ ਬੁੱਲਾ ਲੈਣ ਆਵੇ
ਹਲਕਿਆਂ ਨੂੰ ਉਠਾ ਲਏ ਫਰਸ਼ ਤੋਂ
ਤੇ ਕਿਤੇ ਮੀਂਹ ਬਣਾ ਕੇ ਵਰਸਾ ਦਏ
ਕਿ ਫਿਰ ਧੂੜ ਦਾ ਹਿੱਸਾ ਬਣਾਂ
ਇਦਾਂ ਧੂੜ-ਬੂੰਦ ਧੂੜ-ਬੰਦ
ਬਣਦਾ ਰਹਾਂ, ਬਣਦਾ ਰਹਾਂ
ਜਦ ਤੱਕ, ਕਿਸੇ ਕੁਦਰਤੀ ਚੱਕਰ ਵਿਚ ਰਲ ਕੇ
ਇਕ ਨਾ ਹੋ ਜਾਵਾਂ
ਮੈਂ ਟੁੱਟਾਂ, ਤੇ ਵਿੱਛਾਂ
ਉੱਡਾਂ, ਤੇ ਭਿੱਜਾਂ
ਤੇ ਧੂੜ ਹੋ ਕੇ
ਕਿਤੇ ਗੁੰਮ ਹੋ ਜਾਵਾਂ, ਤੇ ਲੱਭਾਂ ਨਾ।
ਮੇਰੀ "ਮੈਂ" ਦੀ ਸਖਤੀ,
ਤੁਹਾਡੀ ਵਿਸ਼ਾਲਤਾ ਮੂਹਰੇ ਪਿਘਲ ਜਾਵੇ
ਤੇ ਆਪਾ ਵਾਰ ਦਏ
ਆਪਾ ਹੋਵੇ ਹੀ ਨਾ
ਐਸੀ ਨਿਮਾਣੀ ਧੂੜ ਹੋਵਾਂ।
Comments
Post a Comment