ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ
ਮੇਰੀ ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ
ਇਨ੍ਹਾਂ ਦੋਹਾਂ ਦੇ ਉੱਚੇ ਹੋਣ ਦਾ ਢੰਗ ਇੱਕੋ ਹੈ
ਇਹ ਦੋਵੇਂ ਹੀ ਨਿਰਮਲ ਨੇ, ਧੂੜਾਂ ਤੋਂ, ਦਾਗਾਂ ਤੋਂ
ਦਸਤਾਰ ਦਾ ਚੱਕਰ, ਚੰਨ ਦੀ ਵੰਗ ਇੱਕੋ ਹੈ
ਦਸਤਾਰ ਤੇ ਹੈ ਸ਼ਸਤਰ, ਅੰਬਰ ਜਿਵੇਂ ਬਸਤਰ
ਸਜਾਇਆ ਜਿਸ ਨੇ ਇਨ੍ਹਾਂ ਨੂੰ, ਭੁਜੰਗ ਇੱਕੋ ਹੈ
ਦਸਤਾਰ ਦੇ ਲੜ ਜਿਵੇਂ ਬੱਦਲਾਂ ਦੇ ਫੰਭੇ ਨੇ
ਹਵਾਵਾਂ ਨਾਲ ਇਨ੍ਹਾਂ ਦਾ ਸੰਗ ਇੱਕੋ ਹੈ
ਜਦ ਜੁੜਦੇ ਨੇ ਸ਼ਾਮ ਨੂੰ ਢਲਦੇ ਸੂਰਜ ਵਿਚ
ਰਹਿਰਾਸ ਵਿਚ ਇਨ੍ਹਾਂ ਦਾ ਸਤਸੰਗ ਇੱਕੋ ਹੈ
ਧਰਤੀਆਂ ਤੇ ਕਦਮ ਰਹਿਣ, ਬੱਦਲਾਂ ਚ ਦਸਤਾਰ ਰਹੇ
ਮੇਰੇ ਚਿਤ ਦੀ ਤਾਂ ਹੁਣ ਬੱਸ ਮੰਗ ਇੱਕੋ ਹੈ
ਇਹ ਦੋਵੇਂ ਹੀ ਝੂਮਦੇ ਨੇ ਆਪਣੀ ਹੀ ਮਸਤੀ ਵਿਚ
ਸੁਣਦੇ ਨੇ ਰਾਗ ਜੋ ਸਾਰੰਗ ਇੱਕੋ ਹੈ
ਦੋਹਾਂ ਨਾਲ ਸਾਂਝ ਮੇਰੀ ਧੁਰਾਂ ਤੋਂ ਲਿਖੀ ਹੋਈ
ਜਿਵੇਂ ਮੇਰੇ ਸਰੀਰ ਦਾ ਅੰਗ ਇੱਕੋ ਹੈ
Comments
Post a Comment