ਮੈਂ ਲਿਖਦੇ ਲਿਖਦੇ ਸੌਂ ਗਿਆ
ਕੱਲ ਰਾਤੀਂ ਕੀ ਹੋਇਆ ਜੀ
ਮੈਂ ਲਿਖਦੇ ਲਿਖਦੇ ਸੌਂ ਗਿਆ
ਫਿਰ ਸੁਫਨੇ ਦੇ ਸੰਸਾਰ ਚ ਆਪੇ
ਗੀਤ ਵੀ ਪੂਰਾ ਹੋ ਗਿਆ
ਉਥੇ ਅੱਖਰ ਬੀਜ ਸੀ ਬਣੇ ਹੋਏ
ਖਿਆਲ ਦੀਆਂ ਫਸਲਾਂ ਖੜ੍ਹੀਆਂ ਸੀ
ਵਿਚ ਕੋਈ ਵਾਕ ਸੀ ਜੜੇ ਮਿਲੇ
ਤੇ ਛੱਤ ਤੇ ਲੱਗੀਆਂ ਲੜੀਆਂ ਸੀ
ਵਾਛੜਾਂ ਦੇ ਤਾਲ ਸੀ ਉੱਥੇ
ਨਹਿਰਾਂ ਵਗਦੀਆਂ ਰਾਗਾਂ ਦੀਆਂ
ਫੁੱਲ ਬਣ ਕੇ ਕੋਈ ਸੁਰਤ ਦੇ ਟੁਕੜੇ
ਸ਼ਾਨਾਂ ਵਧਾਵਣ ਬਾਗਾਂ ਦੀਆਂ
ਜਿਵੇਂ ਜਿਵੇਂ ਇਸ ਸੁਫਨੇ ਵਿਚ
ਮੇਰੀ ਸੁਰਤ ਉਚੇਰੀ ਉੜਦੀ ਗਈ
ਮੇਰੀ ਤੁਕ ਵੀ ਆਪੇ ਬਣਦੀ ਗਈ
ਮੇਰੀ ਲੈਅ ਵੀ ਆਪੇ ਜੁੜਦੀ ਗਈ
ਬਲਿਹਾਰਿਆਂ ਜਿਹੇ ਤਾਰਿਆਂ ਵਿਚ
ਜਿੱਥੇ ਜਗ ਰਿਹਾ ਸੀ ਵਿਸਮਾਦ ਦਾ ਚੰਨ
ਕਿਸੇ ਐਸੇ ਦੇਸ, ਉਸ ਸੁਫਨੇ ਵਿਚ
ਗੁਆਚ ਆਇਆ ਮੈਂ ਆਪਣਾ ਮਨ
ਹੁਣ ਉੱਠਿਆਂ ਹਾਂ ਇਸ ਨੀਂਦ ਵਿਚੋਂ
ਲੂ ਕੰਡਾ ਮੇਰਾ ਠਰ ਗਿਆ ਏ
ਮਨ ਦਾ ਖੂਹ ਤਾਂ ਖਾਲੀ ਏ
ਪਰ ਪੰਨਾ ਪੂਰਾ ਭਰ ਗਿਆ ਏ
Comments
Post a Comment