ਰਹਿਰਾਸ ਤੋਂ ਪਹਿਲਾਂ

"ਮੇਰੇ", "ਮੈਨੂੰ", "ਮੈਥੋਂ", ਵਿਚ
ਕਿਤੇ "ਮੈਂ" ਗੁੰਮ ਗਿਆ।
ਮੈਂ ਨੂੰ ਲੱਭੋ। ਮੈਂ ਨੂੰ ਲੱਭੋ!

ਮੈਂ ਕਿੱਥੇ ਹਾਂ?
ਲੁਕ ਗਿਆ ਹਾਂ, ਕਿ ਹਾਂ ਹੀ ਨਹੀਂ?
ਰੁੱਖ ਵੀ ਹੈ, ਧੁੱਪ ਵੀ ਹੈ
ਪਰ ਛਾਂ ਹੀ ਨਹੀਂ!

ਹਾਏ, ਇਹ ਤਾਂ ਔਖਾ ਹੋ ਗਿਆ
ਜੇ ਮੈਂ "ਮੈਂ" ਨੂੰ ਨਾ ਮਿਲਿਆ
ਤਾਂ ਕਿਤੇ ਮੈਂ ਬਚਾਂਗਾ ਕਿ ਨਹੀਂ
ਮੈਂ "ਹੋਵਾਂਗਾ" ਕਿ ਨਹੀਂ?

ਤਸਵੀਰਾਂ ਵਿਚ - ਮੈਂ ਨਹੀਂ
ਲਕੀਰਾਂ ਵਿਚ - ਨਹੀਂ ਨਹੀਂ
ਮੈਂ ਸ਼ੀਸ਼ੇ ਵਿਚ ਤਾਂ ਨਹੀਂ?
ਬੰਦ ਕਿਤਾਬਾਂ ਵਿਚ? ਤਬਲੇ ਰਬਾਬਾਂ ਵਿਚ?
ਕਿਤੇ ਖਾਬਾਂ ਵਿਚ ਤਾਂ ਨਹੀਂ?

ਸ਼ਾਇਦ "ਮੈਂ" ਕਿਤੇ ਦੂਰ ਦੇਸ ਨਿਕਲ ਗਿਆ ਹਾਂ
ਕਿਸੇ ਦੀ ਭਾਲ ਵਿਚ
(ਸ਼ਾਇਦ ਆਪਣੀ ਹੀ ਭਾਲ ਵਿਚ?)
ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ।

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ