ਹਰਿਮੰਦਰ ਨੂੰ ਮੁਖਾਤਿਬ

ਮੈਂ ਜਦ ਹਰਿਮੰਦਰ ਨੂੰ ਵੇਖਦਾ ਹਾਂ

ਤਾਂ ਯਾਦ ਆਉਂਦਾ ਹੈ
ਕਿ ਮੈਂ ਕਈ ਸਾਰੇ ਖਿਆਲ, ਸਵਾਲ ਜੋੜ ਕੇ ਰੱਖੇ ਹੋਏ ਸੀ
ਕਿ ਜਦ ਹਰਿਮੰਦਰ ਨੂੰ ਮੁਖਾਤਿਬ ਹੋਵਾਂਗਾ
ਤਾਂ ਥੱਲੇ ਲਾਹ ਦਿਆਂਗਾ
ਮਨ ਖਾਲੀ ਹੋ ਜਾਏਗਾ
ਦੌੜਦੇ ਖਿਆਲ ਰੁਕ ਜਾਣਗੇ

ਪਰ -

ਜਦ ਮੇਰੀਆਂ ਝੁਕੀਆਂ ਨਜ਼ਰਾਂ ਮੂਹਰੇ
ਜਲ ਵਿਚ ਛਲਕਦਾ ਹਰਿਮੰਦਰ ਦਾ ਅਕਸ ਹੁੰਦਾ ਹੈ
ਤਾਂ ਸਾਰੇ ਪਰੋਏ, ਸੰਜੋਏ ਸ਼ਬਦ
ਭੁੱਲ ਜਾਂਦੇ ਹਨ।
ਗੱਲਾਂ ਮੁੱਕ ਜਾਂਦੀਆਂ ਹਨ
ਮਨ ਖਾਲੀ ਹੋ ਜਾਂਦਾ ਹੈ
ਦੌੜਦੇ ਖਿਆਲਾਂ ਨੂੰ ਅੱਖਰ ਨਹੀਂ ਮਿਲਦੇ

ਫਿਰ ਜਦ ਮੈਂ ਨਜ਼ਰਾਂ ਉਠਾ ਕੇ ਹਰਿਮੰਦਰ ਵੱਲ ਵੇਖਦਾ ਹਾਂ
ਤੇ ਸਰੋਵਰ ਦਾ ਛਲਕਦਾ ਜਲ ਤੇ ਮੇਰੀਆਂ ਅੱਖਾਂ ਦਾ ਛਲਕਦਾ ਜਲ
ਇੱਕ ਹੀ ਹੋ ਜਾਂਦੇ ਹਨ -

ਤਾਂ ਸਮਝ ਆਉਂਦੀ ਹੈ -
ਕਿ ਮਨ ਖਾਲੀ ਹੋਣ ਦਾ ਇਹ ਵੀ ਤਾਂ ਇਕ ਅਰਥ ਹੈ
ਦੌੜਦੇ ਖਿਆਲ ਰੁਕਣ ਦਾ ਇਹ ਤਾਂ ਇਕ ਢੰਗ ਹੈ
ਕਿ ਜੋੜ ਜੋੜ ਰੱਖੇ ਖਿਆਲ, ਕਿਤੇ ਗੁੰਮ ਹੀ ਹੋ ਜਾਵਣ

ਸ਼ਾਇਦ, ਹਰਿਮੰਦਰ ਆਉਣਾ ਸਫਲ ਹੋਇਆ!

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ