ਕਿੰਞ ਤੁਹਾਡਾ ਚਿੜੀਓ ਸਰਦਾ?
ਇਸ ਖੁਸ਼ਕ ਹਵਾ, ਇਸ ਵਿਗੜੀ ਰੁੱਤ
ਕਿੰਞ ਤੁਹਾਡਾ ਚਿੜੀਓ ਸਰਦਾ?
ਕਿਤੇ ਦੂਰ ਦੇਸ ਉੱਡ ਜਾਵਣ ਨੂੰ
ਕਿਉਂ ਤੁਹਾਡਾ ਦਿਲ ਨਹੀਂ ਕਰਦਾ?
ਇੱਥੇ ਉੱਜੜੇ ਬਾਗ, ਇੱਥੇ ਪਤਝੜਾਂ
ਇੱਥੇ ਫੁੱਲ ਫੁੱਲ ਪਿਆ ਮਰਦਾ
ਇੱਥੇ ਚਿਰ ਹੋ ਚੱਲਿਆ ਸੁੱਕਿਆਂ ਨੂੰ
ਇਕ ਬੂੰਦ ਨਾ ਬੱਦਲ ਵਰ੍ਹਦਾ
ਇਹਤੋਂ ਚੰਗਾ ਹੈ ਕੋਈ ਜੰਗਲ-ਬੇਲਾ
ਜਿੱਥੇ ਆਪਣਾ ਮਨ ਵਿਚਰਦਾ
ਅਪਣੱਤ ਦਾ ਬੂਟਾ, ਝਾੜ ਹੀ ਸਹੀ
ਕੋਈ ਚੇਤਾ ਦਵਾ ਦਏ ਘਰ ਦਾ
ਇੱਥੇ ਰੁੱਤ ਸਰਦ ਹੈ ਜ਼ੁਲਮਾਂ ਦੀ
ਸਾਡਾ ਰੱਤ ਹੈ ਕੰਬਦਾ-ਠਰਦਾ
ਇਸ ਪਾੜ-ਖਾਣੇ ਦੀਆਂ ਅੱਖਾਂ ਤੇ
ਕੋਈ ਪਾ ਦਿਉ ਚੁੱਪ ਦਾ ਪਰਦਾ
ਇੱਥੇ ਨਿੱਕੜੇ ਖੰਭਾਂ ਵਾਲਿਆਂ ਦੀ
ਦੱਸ ਕੌਣ ਗਵਾਹੀ ਭਰਦਾ?
ਇਹ ਰੁੱਤ ਜਨੂੰਨ-ਦਿਵਾਨਿਆਂ ਦੀ
ਇੱਥੇ ਕੇਸ-ਕੇਸ ਖਿਲਰਦਾ
ਤੁਸੀਂ ਉੱਡ ਪਉ ਚਿੜੀਓ ਦੂਰ ਕਿਤੇ
ਕੋਈ ਹਉਕਾ ਭਰ ਕੇ ਡਰ ਦਾ
ਹੁਣ ਦਏ ਸੁਨੇਹਾ, ਕੰਨ ਵਿਚ ਆ
ਕੋਈ ਗੀਤ ਹਵਾ ਵਿਚ ਤਰਦਾ
Comments
Post a Comment