ਕਹਿਰ ਹੈ ਕਿ ਭਾਣਾ ਹੈ
ਕਹਿਰ ਹੈ ਕਿ ਭਾਣਾ ਹੈ
ਰੱਬਾ! ਤੂੰ ਸਭ ਸਾਡੇ ਤੇ ਹੀ ਅਜ਼ਮਾਣਾ ਹੈ?
ਸਾਡੇ ਆਪਣਿਆਂ ਦਾ ਇਨ੍ਹਾਂ ਛੱਤਾਂ ਹੇਠ ਦੱਬਣਾ
ਸਾਡਾ ਲੱਭਣਾ ਤਾਂ ਮੁਇਆਂ ਵਿਚ ਲੱਭਣਾ
ਤੇਰਾ ਕੀਤਾ ਤੈਨੂੰ ਭਲਾ ਕਿਵੇਂ ਫੱਬਣਾ?
ਭੂਚਾਲ, ਭੁੱਖਾਂ ... ਸਾਡਾ ਭਾਣਾ
ਹੰਝੂਆਂ ਦਾ, ਲਹੂਆਂ ਦਾ ਡੁੱਲ੍ਹ ਜਾਣਾ
ਇਨ੍ਹਾਂ ਪੱਥਰਾਂ ਚ ਰੂਹਾਂ ਦਾ ਰੁਲ ਜਾਣਾ
ਤੈਨੂੰ ਕਿਸ ਤਰ੍ਹਾਂ ਦੱਸ ਭੁੱਲ ਜਾਣਾ?
ਹੁਣ ਤਾਂ ਪੁਕਾਰਦੀਆਂ ਚੀਖਾਂ ਵੀ ਸੁੱਕ ਗਈਆਂ
ਲੜੀਆਂ ਸਾਹਾਂ ਦੀਆਂ ਮੁੱਕ ਗਈਆਂ
ਵੇਖ ਪਰਲੋ ਨਜ਼ਰਾਂ ਝੁਕ ਗਈਆਂ
ਅਸੀਂ ਕੱਟੀ ਏ ਸਜ਼ਾ ਕਿਹੜੇ ਜਨਮਾਂ ਦੀ?
ਇਹ ਭਵਜਲ ਹੈ! ਜੀ ਭਵਜਲ ਹੈ!
ਤੂੰ ਫੜ ਕੇ ਮੋਢਿਓਂ ਹਿਲਾਉਂਦਾ ਹੈ
ਇਮਾਰਤਾਂ ਡਿੱਗੀਆਂ, ਉੱਠ ਨਾ ਸਕੀਆਂ
ਅਸੀਂ ਵੀ ਉੱਠੇ ਟਾਵੇਂ ਟਾਵੇਂ
ਖੇਡਾਂ ਖੇਡਦੇ ਮੌਤ ਦੀ ਛਾਵੇਂ
ਰੋਲਾ ਮੁੱਕਣ ਪਿੱਛੋਂ -
ਕਿਸੇ ਲੱਭ ਮਲਬੇ ਚੋਂ ਉਠਾਣਾ
ਕਿਸੇ ਜਲ ਕਿਸੇ ਭੋਜਨ ਪੁਚਾਣਾ
ਕਿਸੇ ਕੰਨੀਂ ਗੀਤ ਵੀ ਸੁਣਾਨਾ
ਤੂੰ ਆਪ ਹੀ ਸਰਬੱਤ ਬਚਾਣਾ
ਪਰ ਹੇ ਕਰਤਿਆ!
ਬਿਖਮ ਹੈ ਤੇਰਾ ਭਾਣਾ
ਬੜਾ ਬਿਖਮ ਹੈ ਤੇਰਾ ਭਾਣਾ
Comments
Post a Comment