ਇਸੇ ਸੁਕੂਨ ਵਿਚ ਕਦੇ ਮਰ ਕੇ ਵੇਖਣਾ ਹੈ
ਇੰਝ ਵਾਹਿਗੁਰੂ ਕਹਿੰਦਿਆਂ ਮੈਨੂੰ ਮੌਤ ਹੀ ਆ ਜਾਵੇ
ਸੱਚੀ ਮੁੱਚੀ ਨਾ ਸਹੀ, ਚਲੋ ਅਖੌਤ ਹੀ ਆ ਜਾਵੇ
ਐਸੇ ਸੁਕੂਨ ਵਿਚ ਕਿਸੇ ਮੈਂ ਤਰ ਕੇ ਵੇਖਣਾ ਹੈ
ਜਾਪ ਚਲਦੇ ਵਿਚ ਕਦੇ ਮਰ ਕੇ ਵੇਖਣਾ ਹੈ
ਮੈਂ ਕਿੰਨੀ ਵਾਰ ਸੁੱਖਿਆ, ਪਰ ਸੁੱਖਿਆ ਹੀ ਨਾ ਜਾਵੇ
ਕਿ ਮੱਥਾ ਲਾਵਾਂ ਥੱਲੇ, ਮੁੜ ਚੁੱਕਿਆ ਹੀ ਨਾ ਜਾਵੇ
ਐਸੀ ਖਿੱਚ ਦਾ ਦਰਦ ਸੀਨੇ ਜਰ ਕੇ ਵੇਖਣਾ ਹੈ
ਇਸੇ ਸੁਕੂਨ ਵਿਚ ਕਦੇ ਮਰ ਕੇ ਵੇਖਣਾ ਹੈ
ਕਿਸੇ ਹੇਮਕੁੰਟ ਦੀ ਖਾਈ, ਮੇਰਾ ਖਾਬ ਡਿੱਗ ਪਵਾਂ
ਗਾਉਂਦਿਆਂ ਮੈਂ ਹੋਇਆਂ, ਸਮੇਤ ਰਬਾਬ ਡਿੱਗ ਪਵਾਂ
ਬੜਾ ਗਿਆ ਬੁਣਿਆ, ਹੁਣ ਉਧੜ ਕੇ ਵੇਖਣਾ ਹੈ
ਇਸੇ ਸੁਕੂਨ ਵਿਚ ਕਦੇ ਮਰ ਕੇ ਵੇਖਣਾ ਹੈ
ਮੈਂ ਖੁੱਲੀ ਛੱਡੀ ਬਾਰੀ, ਸ਼ਾਇਦ ਵੜ ਕੇ ਆ ਜਾਵੇ
ਕੋਈ ਨਾਨਕ ਮੈਨੂੰ ਲੈਣ, ਕਿਸੇ ਤੜਕੇ ਆ ਜਾਵੇ
ਉਡੀਕ ਜੇਕਰ ਪੁੱਗੇ, ਭਰ ਭਰ ਕੇ ਵੇਖਣਾ ਹੈ
ਇਸੇ ਸੁਕੂਨ ਵਿਚ ਕਦੇ ਮਰ ਕੇ ਵੇਖਣਾ ਹੈ

Comments
Post a Comment