ਬਲਿਹਾਰੇ ਕਿਵੇਂ ਜਾਈਏ?
ਹਰ ਰੁੱਤੇ ਹਰਿ ਉੱਤੇ
ਬਲਿਹਾਰੇ ਕਿਵੇਂ ਜਾਈਏ?
ਪੈਰ ਨਿੱਕੇ ਪਾਰ ਅਸੀਂ
ਉਤਾਰੇ ਕਿਵੇਂ ਜਾਈਏ?
ਕਹੀ ਗੱਲ ਪੂਰੀ ਹਾਲੇ
ਮਨ ਵਿਚ ਨਾ ਵੱਸੀ
ਸਮਝ ਫਿਰ ਉਹਦੇ ਅਸੀਂ
ਇਸ਼ਾਰੇ ਕਿਵੇਂ ਜਾਈਏ?
ਅੱਖਾਂ ਵੀ ਛੋਟੀਆਂ ਨੇ
ਹੱਥ ਵੀ ਨੇ ਨਿੱਕੇ
ਜਾਣ ਅਸੀਂ ਭੇਦ ਉਹਦੇ
ਬਾਰੇ ਕਿਵੇਂ ਜਾਈਏ?
ਬਿੱਖੜਾ ਏ ਪੈਂਡਾ
ਹਾਲੇ ਕਿੰਨਾ ਹੀ ਰਹਿੰਦਾ
ਹੱਸ ਹੱਸ ਲੰਘ ਅਸੀਂ
ਵਿਚਾਰੇ ਕਿਵੇਂ ਜਾਈਏ?
ਬੜਾ ਕੱਚਾ ਮੋਹ
ਕੱਚੀ ਹਾਲੇ ਛੋਹ
ਪਾਈ ਅਸੀਂ ਪ੍ਰੀਤ ਨਾਲ
ਪਿਆਰੇ ਕਿਵੇਂ ਜਾਈਏ
ਲੋੜਦੇ ਹਾਂ ਅਸੀਂ ਕੋਈ
ਸੱਚਾ ਸਤਿਕਾਰ
ਬਣ ਅਸੀਂ ਨਿਮਾਣੇ ਤੋਂ
ਨਿਆਰੇ ਕਿਵੇਂ ਜਾਈਏ
ਅਸੀਂ ਮੌਤ ਤੋਂ ਪਾਰ ਜਾਣਾ
ਅੰਮ੍ਰਿਤ ਨੂੰ ਪਾ ਕੇ
ਜੀਵਨ ਵਾਲੀ ਮੌਤ ਅਸੀਂ
ਮਾਰੇ ਕਿਵੇਂ ਜਾਈਏ?
ਹਰ ਖਿਆਲ, ਹਰ ਸੁਆਲ
ਬੜਾ ਵਿਸਮਾਦੀ
ਇੱਕੋ ਜਿੰਦ ਸੌ ਵਾਰੀ
ਵਾਰੇ ਕਿਵੇਂ ਜਾਈਏ?

Comments
Post a Comment