ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ

ਮੈਂ ਕਦ ਦਾ ਪੁੱਛਣਾ ਚਾਹ ਰਿਹਾ ਸੀ
ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ
ਮੇਰਾ ਜੀਅ ਹੈ ਤੁਹਾਨੂੰ ਜਾਨਣ ਦਾ
ਕੁਝ ਦੱਸੋ ਆਪਣੇ ਬਾਰੇ

ਕੁਝ ਗੁੱਝੇ ਅਤੇ ਗੰਭੀਰ ਜਿਹੇ ਹੋ
ਲਗਦੇ ਬੜੇ ਹੋ ਗਹਿਰੇ
ਮਿਲ ਕੇ ਤੁਸਾਂ ਨੂੰ ਖੁਸ਼ੀ ਜਿਹੀ
ਕਿਉਂ ਚੜ੍ਹਦੀ ਅਸਾਂ ਦੇ ਚਿਹਰੇ

ਦੂਰ ਬੜੇ ਹੀ ਰਹਿੰਦੇ ਹੋ
ਚਿਰ ਪਿੱਛੋਂ ਹੋ ਮਿਲਦੇ
ਮਿਲ ਕੇ ਫਿਰ ਛਿਪ ਜਾਂਦੇ ਹੋ
ਫਿਰ ਪਿੱਛੋਂ ਹੋ ਮਿਲਦੇ

ਸ਼ਬਦਾਂ ਨਾਲ ਕੁਝ ਕਰਦੇ ਹੋ
ਜੋ ਸ਼ਬਦਾਂ ਚ ਨਾ ਦੱਸ ਪਾਈਏ
ਜਿਸ ਰਸ ਰੱਤੇ ਰਹਿੰਦੇ ਹੋ
ਅਸੀਂ ਕਿਵੇਂ ਰਸ ਪਾਈਏ?

ਬੜੇ ਤੁਸੀਂ ਮਿੱਠ-ਬੋਲੜੇ ਹੋ
ਤੇ ਅਸੀਂ ਬੜੇ ਹਾਂ ਖਾਰੇ
ਚਾਲਾਕ ਨਹੀਂ, ਤੁਸੀਂ ਭੋਲੜੇ ਹੋ
ਸ਼ਿੰਗਾਰੇ ਅਤੇ ਸੰਵਾਰੇ

ਤੁਸੀਂ ਨਾਨਕ ਦੇ ਕੀ ਮਿੱਤਰ ਹੋ
ਪਿਆਰੇ ਦੇ ਹੋ ਪਿਆਰੇ?
ਮੈਂ ਕਦ ਦਾ ਦੱਸਣਾ ਚਾਹ ਰਿਹਾ ਸੀ
ਅਸੀਂ ਵਾਰੇ ਜੀ ਅਸੀਂ ਵਾਰੇ

ਤੇ ਕਦ ਦਾ ਪੁੱਛਣਾ ਚਾਹ ਰਿਹਾ ਸੀ
ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ
ਜੀਅ ਕਰਦੈ ਤੁਹਾਨੂੰ ਜਾਨਣ ਦਾ
ਕੁਝ ਦੱਸੋ ਆਪਣੇ ਬਾਰੇ

  



Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ