ਖੇਡਾਂ ਇਕ ਪਲ ਦੀਆਂ
ਤੁਰਦੇ ਤੁਰਦੇ ਬੂਟਿਆਂ ਨੂੰ ਸਹਿਲਾਉਂਦੇ ਕਿਉਂ ਹੋ?
ਪੱਤੀਆਂ ਨੂੰ ਤੇ ਕੰਡਿਆਂ ਨੂੰ ਹੱਥ ਲਾਉਂਦੇ ਕਿਉਂ ਹੋ?
ਤੁਹਾਡੇ ਛੂਹਣ ਨਾਲ ਕਿਹੜਾ ਬੂਟੇ ਖਿਲ ਜਾਂਦੇ ਨੇ
ਤੋੜੇ ਬਿਨਾਂ ਫੁੱਲ ਕਿਹੜੇ ਤੁਹਾਨੂੰ ਮਿਲ ਜਾਂਦੇ ਨੇ?
ਨਾ ਰੁਕਦੇ ਹੋ, ਨਾ ਸੁੰਘਦੇ ਹੋ; ਸੰਗ ਜਾਂਦੇ ਹੋ?
ਹਲਕਾ ਜਿਹਾ ਬੱਸ ਛੂਹ ਕੇ ਹੀ ਲੰਘ ਜਾਂਦੇ ਹੋ!
ਨਾ ਮਾਲਕ ਹੋ, ਨਾ ਮਾਲੀ ਹੋ, ਕੀ ਲਗਦੇ ਹੋ?
ਇਸ ਇਕ ਪਲ ਦੇ ਵਿਚ ਕਿਹੜਾ ਹਿਰਦਾ ਠੱਗਦੇ ਹੋ?
ਨਾਲੇ ਜੋ ਵਿਸਮਾਦ ਦੇ ਵਿਚ ਭਰ ਜਾਂਦੇ ਹੋ
ਇਕ ਛੂਹ ਵਿਚ ਐਸੀ ਕਿਹੜੀ ਗੱਲ ਕਰ ਜਾਂਦੇ ਹੋ?
...
ਮੈਂ ਦੱਸਿਆ ਸਾਡਾ ਰਿਸ਼ਤਾ ਬੜਾ ਪਵਿੱਤਰ ਹੈ
ਇਹ ਫੁੱਲ ਵੀ ਮੇਰਾ ਸਾਥੀ, ਕੰਡਾ ਮਿੱਤਰ ਹੈ।
ਇਸ ਬਾਗ ਵਿਚ ਕੀਤੀਆਂ ਸੈਰਾਂ ਵਿਚੋਂ ਪਛਾਤਾ ਹੈ,
ਕਿ ਇਕ ਪਲ ਜਿੱਡੀ ਛੋਹ ਦਾ ਸਾਡਾ ਨਾਤਾ ਹੈ।
ਕਦੇ ਮਿੱਟੀ ਨੂੰ ਤੇ ਕਦੇ ਮੀਂਹ ਦੇ ਪਾਣੀਆਂ ਨੂੰ
ਸੁਣਾਉਂਦੇ ਰਹਿੰਦੇ ਬੂਟੇ ਇਨ੍ਹਾਂ ਕਹਾਣੀਆਂ ਨੂੰ
ਦੱਸ ਦਿੰਦਾ ਹਾਂ ਮੈਂ ਵੀ ਬਾਤਾਂ ਟਾਹਣੀਆਂ ਨੂੰ
ਸੁਣਾ ਦਿਆ ਕਰਾਂ ਮੈਂ ਕਦੇ ਨਾਨਕ ਦੀਆਂ ਬਾਣੀਆਂ ਨੂੰ
ਇਕ ਛੂਹ ਦੇ ਵਿਚ ਇੰਝ ਰੂਹਾਂ ਸਾਡੀਆਂ ਰਲਦੀਆਂ ਨੇ
ਤੁਸੀਂ ਜਾਣਦੇ ਨਹੀਂ ਇਹ ਖੇਡਾਂ ਬੱਸ ਇਕ ਪਲ ਦੀਆਂ ਨੇ।

Comments
Post a Comment