ਘੜਨਾ ਸਭ ਤੋਂ ਔਖਾ ਹੈ

ਤੋੜਨਾ, ਵਿਗਾੜਨਾ, ਪਾੜਨਾ, ਨਿੰਦਨਾ
ਕੰਮਾਂ ਦੇ ਵਿਚ ਜ਼ੋਰ ਨਹੀਂ ਲਗਦਾ
ਖੁਰਚ ਖੁਰਚ ਕੇ, ਸੋਧ ਸੋਧ ਕੇ
ਘੜਨਾ ਸਭ ਤੋਂ ਔਖਾ ਹੈ

ਸੁੱਟ ਦੇਣਾ ਜਾਂ ਫਾੜ ਦੇਣਾ
ਜਾਂ ਬੰਦ ਕਰ ਦੇਣਾ ਕਿਤਾਬਾਂ ਨੂੰ
ਤੇ ਕਿਤਾਬਾਂ ਸਾੜਨਾ ਸੌਖਾ ਹੈ
ਪੜ੍ਹਨਾ ਸਭ ਤੋਂ ਔਖਾ ਹੈ

ਕਹਿ ਦੇਣਾ ਜਾਂ ਸਲਾਹ ਦੇ ਦੇਣੀ
ਸਹਿਜ ਸੁਭਾਅ ਹੋ ਜਾਂਦੇ ਨੇ
ਕੋਈ ਸਿਆਣਪ ਆਪਣੀ ਮਤਿ ਵਿਚ
ਜੜਨਾ ਸਭ ਤੋਂ ਔਖਾ ਹੈ

ਰਾਹ ਜਦ ਬਚਿਆ ਕੋਈ ਨਾ ਹੋਵੇ
ਘੇਰੇ ਪਏ ਮੈਦਾਨ ਦੇ ਅੰਦਰ
ਉਸ ਚੋਂ ਭੱਜਣਾ ਬੜਾ ਆਸਾਨ
ਲੜਨਾ ਸਭ ਤੋਂ ਔਖਾ ਹੈ

ਬੜਾ ਹੀ ਸੌਖਾ ਹੁੰਦਾ ਹੈ
ਰਚ ਮਿਚ ਜਾਣਾ ਭੀੜ ਦੇ ਅੰਦਰ
ਠੀਕ ਗੱਲ ਤੇ ਪੱਕਾ ਹੋ ਕੇ
ਖੜ੍ਹਨਾ ਸਭ ਤੋਂ ਔਖਾ ਹੈ

ਦੂਰੋਂ ਦੀ ਤਾਂ ਉੱਚੇ ਪਹਾੜ ਵੀ
ਬੜੇ ਹੀ ਨਿੱਕੇ ਲਗਦੇ ਨੇ
ਆਪ ਉਸ ਉੱਪਰ ਕਦਮ ਕਦਮ
ਚੜ੍ਹਨਾ ਸਭ ਤੋਂ ਔਖਾ ਹੈ

ਪਿਆਰੇ ਨੂੰ ਪਿਆਰ ਵਿਚ ਰੱਖਣਾ
ਇਹ ਤਾਂ ਫਿਰ ਵੀ ਸੁਭਾਵਕ ਹੈ
ਪਰ ਸਖਤ ਹੋ ਗਏ ਦਿਲਾਂ ਦੇ ਅੰਦਰ
ਵੜਨਾ ਸਭ ਤੋਂ ਔਖਾ ਹੈ

ਜੋ ਘੜ ਵੀ ਗਏ, ਜੋ ਪੜ੍ਹ ਵੀ ਗਏ
ਜੋ ਜੜ ਵੀ ਗਏ ਤੇ ਲੜ ਗਏ
ਐਸੇ ਦਿਲਾਂ ਦੀਆਂ ਰਮਜ਼ਾਂ ਨੂੰ
ਫੜਨਾ ਸਭ ਤੋਂ ਔਖਾ ਹੈ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ