"ਮਿਲਦੇ ਹਾਂ"
ਮੁਸਕਰਾ ਕੇ ਕਹੋ ਕਿ "ਮਿਲਦੇ ਹਾਂ"
ਮੈਂ ਹੱਸ ਕੇ ਸੁਣਾਂ ਤੇ ਮਰ ਜਾਵਾਂ
ਤੁਸੀਂ ਸੰਗ ਕੇ ਪੁੱਛੋ, "ਕਦ ਮਿਲਣਾ?"
ਮੈਂ ਸੋਚ ਕੇ ਮਨ ਵਿਚ ਠਰ ਜਾਵਾਂ
ਮੈਂ ਘੁੰਮ ਕੇ ਬਾਗ ਫਿਰ ਸਮਿਆਂ ਦੇ
ਸਦੀਆਂ ਦੇ ਸਾਗਰ ਤਰ ਜਾਵਾਂ
ਤੋੜ ਲਿਆਵਾਂ ਅਨੰਤ ਦੇ ਟੁਕੜੇ
ਉਸ ਅਨੰਤ ਦੇ ਬਾਗ ਪਸਰ ਜਾਵਾਂ
ਤੁਸੀਂ ਪੁੱਜੋ ਉੱਥੇ ਤੇ ਫੇਰ ਪੁੱਛੋ
ਤੇ ਮੈਂ ਸੁਣ ਕੇ ਫੇਰ ਚੁੱਪ ਕਰ ਜਾਵਾਂ
ਮੈਂ ਚੁੱਪ ਰੁੱਖਾਂ ਦੇ ਚੁੱਪ ਪੱਤਿਆਂ ਵਾਂਗ
ਚੁੱਪ ਘਾਹ ਉੱਤੇ ਖਿਲਰ ਜਾਵਾਂ
ਤੁਸੀਂ ਰੋ ਪਉ ਫਿਰ ਜੇ ਵਿਹੜਿਆਂ ਵਿਚ
ਕਿ "ਮੈਂ ਦੱਸੋ ਕਿਹੜੇ ਦਰ ਜਾਵਾਂ?"
ਤੁਸੀਂ ਹੱਸ ਪਉ ਫਿਰ ਜੇ ਖੇੜਿਆਂ ਵਿਚ
"ਕਿਸ ਮੌਸਮ ਮੀਂਹ ਬਣ ਵਰ ਜਾਵਾਂ?"
ਮੈਂ ਵੇਖ ਕੇ ਸਿਰੇ ਜਜ਼ਬਾਤਾਂ ਦੇ
ਮਨ ਹੀ ਮਨ ਵਿਚ ਡਰ ਜਾਵਾਂ
ਕਿ ਹਾਏ ਇਹ ਨੈਣ, ਵਹਿ ਨਾ ਪੈਣ
ਮੈਂ ਇੰਜ ਹਿਰਦੇ ਆਪਣੇ ਪੰਘਰ ਜਾਵਾਂ
ਤੁਸੀਂ ਫੇਰ ਪੁੱਛੋ, "ਹੁਣ ਕਦ ਮਿਲਣਾ
ਕਦ ਹੈ ਝੋਲੀਆਂ ਭਰ ਜਾਣਾ?
ਤੁਸੀਂ ਮਿਲਣਾ, ਪਰ ਕਿਸ ਥਾਂ ਮਿਲਣਾ
ਕਦ ਸਾਂਝਾ ਹੋ ਹੈ ਸਫਰ ਜਾਣਾ"
ਮੈਂ ਗਲ ਲੱਗਾਂ, ਮੈਂ ਵੀ ਰੋ ਹੀ ਪਵਾਂ
ਹੁਣ ਮਿਲੇ ਬਿਨਾਂ ਨਹੀਂ ਸਰ ਜਾਣਾ
ਹੁਣ ਮਿਲੇ ਹਾਂ, ਤਾਂ ਵੱਖ ਹੋਈਏ ਹੀ ਨਾ
ਜੇ ਮੈਂ ਵੱਖ ਹੋਵਾਂ ਤੇ ਮੈਂ ਮਰ ਜਾਵਾਂ
Comments
Post a Comment