ਹਰ ਕੋਈ ਮਨਾ ਹੀ ਤਾਂ ਰਿਹਾ ਹੈ
ਹਰ ਕੋਈ ਮਨਾ ਹੀ ਤਾਂ ਰਿਹਾ ਹੈ
ਕੋਈ ਸੋਗ, ਕੋਈ ਖੇੜਾ
ਕੋਈ ਸਰਹੰਦ, ਕੋਈ ਚਮਕੌਰ
ਕੋਈ ਫਲਸਤੀਨ ਦਾ ਵਿਹੜਾ
ਕੋਈ ਨੀਹਾਂ ਚ ਸਾਹ ਥੰਮਣਾ
ਕੋਈ ਮਸੀਹ ਦਾ ਜੰਮਣਾ
ਹਰ ਕੋਈ ਮਨਾ ਹੀ ਤਾਂ ਰਿਹਾ ਹੈ
ਹਰ ਕੋਈ ਗਾ ਹੀ ਤਾਂ ਰਿਹਾ ਹੈ
ਕੋਈ ਰਾਗ, ਕੋਈ ਵੈਰਾਗ
ਕੋਈ ਅਨੰਦਪੁਰ ਦੀ ਬਰਕਤ
ਕੋਈ ਦਾਦੇ ਦਾ ਤਿਆਗ
ਕੋਈ ਗੀਤ, ਕੋਈ ਵਾਰਾਂ
ਛੋਹ ਕੇ ਰਬਾਬ ਦੀਆਂ ਤਾਰਾਂ
ਹਰ ਕੋਈ ਗਾ ਹੀ ਤਾਂ ਰਿਹਾ ਹੈ
ਹਰ ਕੋਈ ਵਹਾ ਹੀ ਤਾਂ ਰਿਹਾ ਹੈ
ਸੰਜੋਗ-ਵਿਜੋਗ ਦੇ ਨੀਰ
ਹੱਸ ਕੇ ਤੇ ਰੋਂ ਕੇ
ਚੁੱਪ ਹੋ ਜਾਣਾ ਅਖੀਰ
ਵਹਾਉਣੇ ਸੁੱਚੇ ਜਿਹੇ ਜਲ
ਹਨ ਦੋਵੇਂ ਹੀ ਵੈਸੇ ਹੱਲ
ਹਰ ਕੋਈ ਵਹਾ ਹੀ ਤਾਂ ਰਿਹਾ ਹੈ
ਹਰ ਕੋਈ ਜਾ ਹੀ ਤਾਂ ਰਿਹਾ ਹੈ
ਕਿਵਾੜਾਂ ਦੇ ਵੱਲ
ਕੋਈ ਮਾਛੀਵਾੜੇ ਦੇ ਵਿਚ
ਰੇਤ-ਪੱਥਰ ਮੱਲ
ਇਹ ਦਿਲ ਦੀਆਂ ਜੋ ਹਰਕਤਾਂ ਨੇ
ਉਸੇ ਦੀਆਂ ਹੀ ਬਰਕਤਾਂ ਨੇ
ਹਰ ਕੋਈ ਜਾ ਹੀ ਤਾਂ ਰਿਹਾ ਹੈ
Comments
Post a Comment