ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?
ਲਾਲ ਰੰਗ ਲਹੂ ਦਾ, ਕਿ ਲਾਲ ਰੰਗ ਫੁੱਲ ਦਾ
ਕੌਣ ਆ ਕੇ ਦੱਸੂ ਕਿ ਕੌਣ ਕਿਸ ਮੁੱਲ ਦਾ
ਮੇਰੀ ਦਸਤਾਰ ਵੀ, ਰੱਤੀ ਅੱਜ ਲਾਲ ਹੈ
ਲਹੂ ਅਤੇ ਫੁੱਲ ਵਿਚੋਂ, ਦੱਸੋ ਕਿਸ ਨਾਲ ਹੈ?
ਗੁਲਾਬਾਂ ਨੂੰ ਜੂਝਣ ਦੀ ਮਿਲਦੀ ਹੈ ਵਿਹਲ ਕਿੱਥੇ?
ਤੇ ਲਹੂ ਨੂੰ ਫੁੱਲ ਵਾਲੀ, ਮਿਲਦੀ ਹੈ ਤ੍ਰੇਲ ਕਿੱਥੇ
ਖੇਲ ਕਿਤੇ ਬਣਦੀ ਨਾ, ਕਿ ਦੋਵੇਂ ਇਹ ਇੱਕ ਹੋਣ
ਬਾਗ ਤੇ ਮੈਦਾਨਾਂ ਦਾ, ਹੁੰਦਾ ਹੈ ਮੇਲ ਕਿੱਥੇ
ਪਰ -
ਗੁਲਾਬ ਨੂੰ ਵੀ ਤਾਂ ਕਦੇ, ਕੰਡੇ ਨੇ ਚੀਰ ਦਿੰਦੇ
ਰੱਤ ਉਹਦਾ ਕੱਢ ਉਹਨੂੰ ਕਰ ਲੀਰੋ ਲੀਰ ਦਿੰਦੇ
ਤੇ ਲਹੂ ਵੀ ਜਦ ਕਦੇ ਦਿਲ ਵਿਚ ਦੌੜਦਾ ਹੈ
ਕੋਮਲ ਜਜ਼ਬਾਤਾਂ ਨੂੰ ਨਾਲ ਨਾਲ ਬਹੁੜਦਾ ਹੈ
ਸੋ ਇਹ ਤਾਂ ਮੁਸ਼ਕਲ ਹੈ ਕਿ ਕਿਸ ਨੂੰ ਪਛਾਣੀਏ
ਲਹੂ ਨੂੰ ਜੋੜੀਏ? ਗੁਲਾਬਾਂ ਨੂੰ ਮਾਣੀਏ?
ਦੋ ਲਾਲ ਰੰਗ, ਕਿਵੇਂ ਇਕ ਬਿਆਨ ਦਿਆਂ?
ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?
Comments
Post a Comment