ਘਾਹ ਦੇ ਰੰਗ ਦੀ ਦਸਤਾਰ

ਜੇਕਰ ਮੈਂ ਦਸਤਾਰ ਸਜਾਵਾਂ
    ਘਾਹ ਨਾਲ ਮਿਲਦੇ ਰੰਗ ਜਿਹੀ
ਫੁੱਲਾਂ ਨੂੰ ਕਿਉਂ ਮੈਨੂੰ ਵੇਖ ਕੇ
    ਆ ਜਾਂਦੀ ਏ ਸੰਗ ਜਿਹੀ

ਮੈਂ ਕੁਦਰਤ ਨਹੀਂ ਹਾਂ, ਰੁੱਖ ਨਹੀਂ
    ਫਸਲਾਂ ਵਿਚ ਕਤਾਰ ਨਹੀਂ
ਕਿ ਛਾਂ ਦੇਵੇ ਤੇ ਫਲ ਲੱਗਣ
    ਹੈ ਰੁੱਖ ਜਿਹੀ ਦਸਤਾਰ ਨਹੀਂ

ਮੈਂ ਨਦੀ ਦੇ ਸੁੱਚੇ ਹਰੇ ਪਾਣੀਆਂ
    ਵਰਗੀ ਜੇਕਰ ਧਾਰ ਹੋਵਾਂ
ਮੈਂ ਜੰਗਲਾਂ ਦੇ ਕੋਈ ਸੰਘਣੇ-ਸੰਘਣੇ
    ਰੁੱਖਾਂ ਦੇ ਵਿਚਕਾਰ ਹੋਵਾਂ

ਜੇਕਰ ਇਨ੍ਹਾਂ ਮੀਂਹ ਦੀਆਂ ਬੂੰਦਾਂ
    ਦਾ ਸੱਚੀਂ ਹੱਕਦਾਰ ਹੋਵਾਂ
ਜੇਕਰ ਨੀਚੇ ਵਿਛਿਆ ਹੋਵਾਂ
    ਨਿਮਰਤਾ ਪੁੰਜ ਕਿਰਦਾਰ ਹੋਵਾਂ

ਫਿਰ ਤਾਂ ਸੰਗਣ ਫੁੱਲ ਤੇ ਬੂਟੇ
    ਧਰਤੀ ਹੋ ਜਾਏ ਦੰਗ ਜਿਹੀ
ਪਰ ਮੈਂ ਤਾਂ ਬਸ ਦਸਤਾਰ ਸਜਾਈ
    ਘਾਹ ਨਾਲ ਮਿਲਦੇ ਰੰਗ ਜਿਹੀ
ਫੁੱਲਾਂ ਨੂੰ ਫਿਰ ਵੇਖ ਕੇ ਮੈਨੂੰ
    ਆਉਂਦੀ ਕਿਉਂ ਏ ਸੰਗ ਜਿਹੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ