ਉੱਦਮਾਂ ਦੇ ਖਾਤੇ
ਜਦ ਜਦ ਤੇਰੇ ਹੌੰਸਲੇ, ਬਲਵਾਨ ਹੁੰਦੇ ਜਾਣਗੇ,
ਤਦ ਤਦ ਵਧਦੇ ਕਦਮ ਤੇਰੇ, ਆਸਾਨ ਹੁੰਦੇ ਜਾਣਗੇ;
ਜਦ ਵੀ ਤੂੰ ਬੁੱਲ੍ਹਿਆਂ ਨੂੰ, ਛਾਤੀ ਤਾਣ ਸਹਿਣਾ ਸਿੱਖ ਜਾਏੰਗਾ,
ਤਦ ਹੀ ਤੇਰੇ ਵਾਰ ਆਪਣੇ, ਤੂਫਾਨ ਹੁੰਦੇ ਜਾਣਗੇ।
ਜਦ ਵੀ ਨਫ਼ਰਤ, ਈਰਖਾ, ਦਵੈਸ਼, ਮਨ ਵਿਚੋਂ ਮਿਟਾ ਲਵੇੰਗਾ,
ਜਦ ਵੀ ਪਿਆਰ, ਭਾਈਚਾਰਾ ਤੇਰੀ ਜਿੰਦ ਜਾਨ ਹੁੰਦੇ ਜਾਣਗੇ;
ਜਦ ਵੀ ਉੱਚੀਆਂ ਮੰਜ਼ਿਲਾਂ ਵੇਖ, ਮਨ ਤੇਰਾ ਡੋਲਣੋਂ ਰਹੇ,
ਤਦ ਤਦ ਖੜ੍ਹੇ ਪਹਾੜ, ਬੈਠੇ ਮੈਦਾਨ ਹੁੰਦੇ ਜਾਣਗੇ।
ਮਨ ਤੇਰਾ ਬਾਲਾਂ ਵਾਂਗ, ਜਦ ਰਹਿਤ ਛਾਲਾਂ ਦੇ ਨਿਰਮਲ ਹੋਣੈ,
ਨਾਲ ਹੀ ਤੇਰੇ ਉੱਦਮ ਜਦੋਂ,ਜਵਾਨ ਹੁੰਦੇ ਜਾਣਗੇ;
ਤਦ ਤਦ ਮੰਜ਼ਿਲ ਸਾਹਮਣੇ ਨਜ਼ਰੀਂ, ਤੈਨੂੰ ਦਿਸਣ ਲੱਗ ਪਵੇਗੀ,
ਉਦੋਂ ਲੋਕ ਮੱਲਾਂ ਤੇਰੀਆਂ ਤੇ, ਹੈਰਾਨ ਹੁੰਦੇ ਜਾਣਗੇ।
ਗੁਣ ਗਾਉਣੇ ਸਿੱਖ ਜਾਏਂਗਾ, ਗੁਣ ਧਾਰਣ ਕਰ ਲਵੇਂਗਾ,
ਤਦ ਤੱਕੜੇ ਬਲਸ਼ਾਲੀ ਤੇਰੇ, ਪ੍ਰਾਣ ਹੁੰਦੇ ਜਾਣਗੇ;
ਪਤਾ ਹੀ ਨਹੀਂ ਲੱਗਣਾ ਤੈਨੂੰ, ਕਿਵੇਂ ਸਭ ਕੁਝ ਜਿੱਤ ਜਾਣਾ ਹੈ,
ਕਿਵੇਂ ਸਭ ਸੁੱਖ ਤੇਰੇ ਤੇ, ਮਿਹਰਬਾਨ ਹੁੰਦੇ ਜਾਣਗੇ।
ਉੱਦਮਾਂ ਦੇ ਖਾਤੇ ਤੇਰੇ, ਸਦਾ ਹੀ ਭਰੇ ਰਹਿਣ ਜਦੋਂ,
ਤਦ ਤਦ ਤੇਰੇ ਅਸਤਿਤ੍ਵ ਸਭ, ਧਨਵਾਨ ਹੁੰਦੇ ਜਾਣਗੇ;
ਇਕ ਤੇਰੇ ਅਭਿਆਨ ਦੀ, ਦਿਲੋਂ ਲੋੜ ਹੈ ਬਸ ਮਿੱਤਰਾ,
ਤੇਰੇ ਹੱਕ ਵਿਚ ਸਾਰੇ ਹੀ ਅਭਿਆਨ ਹੁੰਦੇ ਸਨ!
ਮੌਕੇ ਆਣਗੇ ਜੀਵਨ ਵਿਚ, ਦਿਲ ਟੁੱਟਣਗੇ ਜਦੋਂ,
ਆਪਣੇ ਸਮਝੇ ਜਾਣ ਵਾਲੇ, ਸ਼ਮਸ਼ਾਨ ਹੁੰਦੇ ਜਾਣਗੇ;
ਪਰ ਜਦ ਤੂੰ ਸਮਝ ਲਵੇੰਗਾ, ਕਿ ਸਭ ਕੁਝ ਨਾਸ਼ਵੰਤ ਠਹਿਰਿਆ,
ਤਦ ਸਭ ਬਿਰਹੇ ਗੁਜ਼ਰੇ ਰੇਗਿਸਤਾਨ ਹੁੰਦੇ ਜਾਣਗੇ।
ਜਦ ਸਤ, ਸੰਤੋਖ, ਵਿਚਾਰ ਤੇਰੀ, ਕਿਰਪਾਨ ਹੁੰਦੇ ਜਾਣਗੇ,
ਕਾਮ, ਲੋਭ, ਹੰਕਾਰ, ਕੇਵਲ, ਮਹਿਮਾਨ ਹੁੰਦੇ ਜਾਣਗੇ:
ਝੁਕੇ ਹੋਏ ਤੇਰੇ ਅੱਗੇ ਸਭ, ਰਾਜਾਨ ਹੁੰਦੇ ਜਾਣਗੇ,
ਚਕਿਤ ਤੇਰੇ ਤੋਂ ਸਾਰੇ ਹੀ, ਇਨਸਾਨ ਹੁੰਦੇ ਜਾਣਗੇ।
ਸੱਟਾਂ ਖਾ ਖਾ ਜਦ ਤੂੰ, ਲੰਗੜਾਏ ਬਿਨਾਂ ਤੁਰੀ ਜਾਣੈ,
ਜਦ ਜਦ ਗੂੜ੍ਹੇ ਜ਼ਖਮਾਂ ਦੇ, ਨਿਸ਼ਾਨ ਹੁੰਦੇ ਜਾਣਗੇ,
ਉਦੋਂ ਉਨ੍ਹਾਂ ਨਿੰਦਕਾਂ ਦੇ, ਜੋ ਤੇਰੇ ਤੋਂ ਸੜਦੇ ਸਨ,
ਇਕ ਇਕ ਦੇ ਚੁਣ ਚੁਣ ਕੇ, ਅਪਮਾਨ ਹੁੰਦੇ ਜਾਣਗੇ।
ਅਉਗੁਣ ਸਭ ਮਨ ਤੇਰੇ ਨੂੰ, ਕਰਮਾਂ ਤਹਿਤ ਜਦ ਤਜ ਜਾਣਗੇ,
ਗੁਣ ਹੀ ਗੁਣ ਅੰਦਰ ਤੇਰੇ, ਗਲਤਾਨ ਹੁੰਦੇ ਜਾਣਗੇ;
ਰੱਬ ਦਾ ਅਜੀਬ ਹੋ, ਜਦ ਰੱਬ ਬਣਨਾ ਤੂੰ ਸਿੱਖ ਲਵੇਂਗਾ,
ਰੱਬ ਉੱਤੇ ਵੀ ਤੇਰੇ ਤਦ, ਅਹਿਸਾਨ ਹੁੰਦੇ ਜਾਣਗੇ।
ਇਕ ਮੌਕੇ ਤੇ ਮਿੱਤਰਾ ਤੂੰ, ਸਥਿਤੀ ਐਸੀ ਤੇ ਪੁੱਜ ਜਾਵੇੰਗਾ,
ਕਲਮਾਂ ਨਾਲ ਨਾ ਗੁਣ ਤੇਰੇ, ਬਿਆਨ ਹੁੰਦੇ ਜਾਣਗੇ:
ਉਦੋਂ ਉਦੋਂ ਹਰ ਕਰਮ ਤੇਰੇ ਪਰਵਾਨ ਹੁੰਦੇ ਜਾਣਗੇ,
ਉਦੋੰ ਉਦੋੰ ਹਰ ਕਦਮ ਤੇਰੇ, ਮਹਾਨ ਹੁੰਦੇ ਜਾਣਗੇ।

Comments
Post a Comment