ਅੰਬਰ ਨੂੰ ਟਿੱਕੇ
ਅੱਧੀ ਰਾਤ ਨੂੰ ਤੱਕ ਅੰਬਰ ਵੱਲ,
ਗੱਲ ਆਉ ਇਕ ਸਿੱਖੀਏ,
ਖਾਲੀ ਪੰਨੇ ਆਕਾਸ਼ ਦੇ ਤੇ,
ਚੰਨ ਪੁੱਛਦਾ ਕੀ ਲਿਖੀਏ?
ਖੁਰਚ ਕੇ ਚਾਦਰ ਰਾਤ ਦੀ,
ਅਸਾਡੀ ਲਿਖੇ ਤਕਦੀਰ?
ਕਿ ਵਰਤ ਕਲਮ ਕਿਸੇ ਚਾਨਣ ਦੀ,
ਉਤਾਰੇ ਕੋਈ ਤਸਵੀਰ?
ਬੜਾ ਕੁਝ ਹੈ ਲਿਖਣ ਨੂੰ ਜੀ,
ਤੇ ਸਕਦੇ ਕੁਝ ਕਈ ਬਣਾ,
ਧਰਤੀ ਦਾ ਗਾਉਣਾ, ਸੂਰਜ ਦਾ ਛਾਉਣਾ,
ਬੰਦੇ ਦਾ ਕਿਹਾ ਵਾਹ! ਵਾਹ!!
ਅੰਤ ਉਹ ਮੋਤੀ ਚੁਗ ਚੁਗ ਕੇ,
ਲਾ ਦਏ ਅੰਬਰ ਨੂੰ ਟਿੱਕੇ,
ਜੁਆਕਾਂ ਭਾਂਤ ਚੰਦਰਮਾਂ ਦੇ,
ਤਾਰੇ ਨਿੱਕੇ ਅਰ ਨਿੱਕੇ।
"ਬਣਾ ਲਓ ਆਪੇ ਜੋੜ ਕੇ ਬਿੰਦੀਆਂ,"
ਕਹਿ ਦਏ ਚੰਨ ਅਖੀਰ,
"ਦਿਲ ਨੂੰ ਭਾਉਂਦੀ, ਹੱਥ ਨੂੰ ਆਉਂਦੀ,
ਪਸੰਦ ਦੀ ਕੋਈ ਤਸਵੀਰ।"

Comments
Post a Comment