ਮੈਂ ਤੇ ਨਦੀ
ਮੈਂ:
ਸੁਣ ਨੀ ਨਦੀਏ, ਕਿੱਧਰ ਚੱਲੀ?
ਨਦੀ: ਸਮੁੰਦਰ ਵੱਲ ਨੂੰ ਤਿਆਰੀ ਘੱਲੀ।
ਮੈਂ:
ਕਿੰਨਾ ਲੰਬਾ ਪੈਂਡਾ ਗਾਂਹ ਦਾ?
ਨਦੀ:
ਵਹਿੰਦੇ ਜਾਈਏ, ਮੁੱਕ ਹੀ ਜਾਂਦਾ।
ਮੈਂ:
ਕੀ ਉਹ ਹਰਾ, ਕਿ ਲਾਲ ਬੜਾ ਏ?
ਨਦੀ:
ਮੇਰਾ ਸਮੁੰਦਰ ਵਿਸ਼ਾਲ ਬੜਾ ਏ!
ਮੈਂ:
ਹੱਛਾ! ਤਾਂ ਹੀ ਉੱਧਰ ਪੈਰ?
ਨਦੀ:
ਨਹੀਂ, ਪਰ ਉੱਧਰ ਪੈਂਦੀ ਖੈਰ।
ਮੈਂ:
ਪਵੇ ਖੈਰ ਤਾਂ ਲੈਂਦੀ ਜਾ,
ਨਦੀ:
ਨਾਲ ਨਾਲ ਮੇਰੇ ਵਹਿੰਦੀ ਜਾ।
ਮੈਂ:
ਵਹਿਣਾ ਤਾਂ ਪਰ ਕੰਮ ਹੈ ਔਖਾ!
ਨਦੀ:
ਤੁਰਨਾ ਔਖਾ, ਵਹਿਣਾ ਸੌਖਾ।
ਮੈਂ:
ਚੱਲ ਛੱਡ; ਦੱਸ ਕਦ ਆਉਣਾ ਮੁੜ ਕੇ?
ਨਦੀ:
ਹਵਾ ਚ ਜੁੜ ਕੇ, ਬਣ ਕੇ ਮੁੜ੍ਹਕੇ।
ਮੈਂ:
ਕੀ ਸਾਗਰ ਨਾਲ ਤੇਰਾ ਸਾਕ?
ਨਦੀ:
ਉਹ ਨਦੀ ਤੇ ਮੈਂ ਤੈਰਾਕ।
ਮੈਂ:
ਕੌਣ ਤੈਰਾਕ ਤੇ ਕੌਣ ਨਦੀ?
ਨਦੀ:
ਕਦੀ ਨਦੀ, ਤੈਰਾਕ ਕਦੀ।
ਮੈਂ:
ਸੁਣਿਆ ਮੁੱਕ 'ਜੇਂ ਸਮੁੰਦਰ ਅੰਦਰ,
ਨਦੀ:
ਸਮੁੰਦਰ ਵੜ ਕੇ ਬਣਾਂ ਸਮੰਦਰ।
ਮੈਂ:
ਪਰ ਤੂੰ ਨਦੀ ਤੇ ਮੈਂ ਹਾਂ ਕੁੜੀ,
ਨਦੀ:
ਲੱਭ ਆਪਣੇ ਸਮੁੰਦਰ ਨਾਲ ਜੁੜੀਂ।
ਮੈਂ:
ਇਹ ਮਛਲੀ ਦੀ ਕੀ ਕਹਾਣੀ?
ਨਦੀ:
ਇਹ ਵੀ ਨਾਲ ਸਮੁੰਦਰ ਜਾਣੀ।
ਮੈਂ:
ਤੇ ਉਹ ਪੱਤੇ, ਤੇ ਉਹ ਟਾਹਣੀ?
ਨਦੀ:
ਨਾਲ ਹੀ ਜਾਣੀ, ਨਾਲ ਹੀ ਜਾਣੀ।
ਮੈਂ:
ਗੱਲ ਦੱਸ ਤਾਂ ਕੋਈ ਪਾਣੀਆਂ ਬਾਰੇ,
ਨਦੀ:
ਮਿੱਠਾ ਜਲ ਪਰ ਪਾਣੀ ਖਾਰੇ।
ਮੈਂ:
ਸਮੁੰਦਰ ਪੁੱਜ ਕੇ ਕੀ ਹੈ ਮਿਲਦਾ?
ਨਦੀ:
ਫੁੱਲ ਜੋ ਦਿਲ ਦਾ, ਉੱਥੇ ਖਿਲਦਾ।
ਮੈਂ:
ਇਹ ਦੱਸ ਪਈ ਕਿਸ ਪਿੰਡੋਂ ਆਈ?
ਨਦੀ:
ਮੈਂ ਪਰਬਤ ਦੀ ਟਿੰਡੋਂ ਆਈ।
ਮੈਂ:
ਫਿਰ ਪਰਬਤ ਕੀ ਤੇਰਾ ਪਿਉ?
ਨਦੀ:
ਮਾਂ ਵੀ, ਪਿਉ ਵੀ, ਜਿਉਂ ਦਾ ਤਿਉਂ।
ਮੈਂ:
ਮਾਂ-ਪਿਉ ਛੱਡ ਕੇ ਸਹੁਰੇ ਚੱਲੀ?
ਨਦੀ:
ਹਾਂ, ਉੱਧਰ ਹੀ ਤਿਆਰੀ ਘੱਲੀ।
ਮੈਂ:
ਸੁਣਿਆ ਤੂੰ ਨਾ ਆਉਂਦੀ ਮੁੜ ਕੇ!
ਨਦੀ:
ਹਵਾ ਚ ਜੁੜ ਕੇ, ਬਣ ਕੇ ਮੁੜ੍ਹਕੇ।
ਮੈਂ:
ਕੀ ਪੇਕੇ ਫਿਰ ਵਹਿਣ ਨੂੰ ਆਉਂਦੀ?
ਨਦੀ:
ਕੁਝ ਦਿਨ ਉੱਥੇ ਰਹਿਣ ਨੂੰ ਆਉਂਦੀ।
ਮੈਂ:
ਨਦੀ ਤਾਂ ਚਲਦੀ ਪਰ ਇਕ ਪਾਸੇ!
ਨਦੀ:
ਹਵਾ ਹੈ ਚਲਦੀ ਹਰ ਇਕ ਪਾਸੇ।
ਮੈਂ:
ਤੂੰ ਸਮੁੰਦਰ ਕਿ ਨਦੀ, ਹਵਾ?
ਨਦੀ:
ਕਦੀ ਸਮੁੰਦਰ, ਕਦੀ ਹਵਾ।
ਮੈਂ:
ਨਦੀਏ, ਇਕ ਹੋਰ ਗੱਲ ਦੱਸ ਸਿੱਧੀ
ਨਦੀ:
ਚੱਲ, ਪੁੱਛ ਲੈ ਨੀ, ਕੁੜੀਏ ਜ਼ਿੱਦੀ।
ਮੈਂ:
ਨਦੀ ਬਣਾਂ, ਮੇਰੇ ਦਿਲ ਦੀ ਚਾਹ!
ਨਦੀ:
ਨਦੀ ਬਣਨ ਲਈ ਵਹਿੰਦੀ ਜਾਂ
ਮੈਂ:
ਨਦੀ ਬਣਨ ਲਈ ਜਾਂਦੇ ਵਹੀਏ?
ਨਦੀ:
ਹਾਂ, ਇਹੋ ਤਾਂ ਗੱਲ ਮੈਂ ਕਹੀ ਏ।
ਮੈਂ:
ਕਿਉਂ ਟੇਢਾ ਦੱਸ ਤੇਰਾ ਰਾਹ?
ਨਦੀ:
ਹਰ ਟੇਢ ਟੱਪ ਸਕੇ ਵਹਾਅ।
ਮੈਂ:
ਹੋਰ ਇਸ ਟੇਢ ਤੋਂ ਕੀ ਏ ਸਿੱਖਿਆ?
ਨਦੀ:
ਟੇਢ ਏ ਖੇਡ, ਟੇਢ ਪਰਿੱਖਿਆ।
ਮੈਂ:
ਕੀ ਕਰਦੀ ਜਦ ਨ੍ਹੇਰਾ ਪੈਂਦਾ?
ਨਦੀ:
ਸਮੁੰਦ ਦਾ ਮੂਹਰੇ ਚਿਹਰਾ ਰਹਿੰਦਾ।
ਮੈਂ:
ਸਮੁੰਦਰ ਤਾਂ ਪਰ ਦੂਰ ਬੜਾ ਏ!
ਨਦੀ:
ਪਰ ਰਾਹ ਵੀ ਤਾਂ ਮਸ਼ਹੂਰ ਬੜਾ ਏ।
ਮੈਂ:
ਕਿਵੇਂ ਫਿਰ ਤੈਨੂੰ ਰਾਹ ਹੈ ਲੱਭਦਾ?
ਨਦੀ:
ਰਾਹ ਦੱਸ ਦੇਂਦਾ ਚਾਹ ਹੈ ਸੱਭ ਦਾ।
ਮੈਂ:
ਮੈਨੂੰ ਵੀ ਦੱਸ ਤਾਂ ਉੱਧਰਲਾ ਰਾਹ
ਨਦੀ:
ਨਜ਼ਰ ਟਿਕਾ, ਤੇ ਵਹਿੰਦੀ ਹੀ ਜਾ।
ਮੈਂ:
ਜੇ ਕਦੇ ਰੁੱਸ ਅਸੀਂ ਵਹੀਏ ਨਾ?
ਨਦੀ:
ਨਾ, ਇਹ ਗੱਲ ਕਦੇ ਕਹੀਏ ਨਾ।
ਮੈਂ:
ਹੋਰ ਕੀ ਸਫਰ ਚ ਜਾਣਦੇ ਜਾਈਏ?
ਨਦੀ:
ਸਫਰ ਸੁੰਦਰ ਨੂੰ ਮਾਣਦੇ ਜਾਈਏ।
ਨਦੀ:
ਸਫਰ ਚ ਚਾਅ ਜਦ ਰਿਸ ਪੈਣਗੇ,
ਫਿਰ ਦੂਰੋਂ ਹੀ ਸਾਗਰ ਦਿਸ ਪੈਣਗੇ।
ਭੇਤ ਸਮੁੰਦਰ ਦਾ ਲਏਂ ਜਦ ਸਿੱਖ,
ਕੀ ਸਮੁੰਦਰ, ਕੀ ਨਦੀ, ਸਭ ਇੱਕ।

Comments
Post a Comment