ਵਿੱਚ-ਵਿਚਾਲਾ
ਪੁੰਨਿਆ ਕਿ ਮੱਸਿਆ?
ਮੈਂ ਵਿੱਚ ਨੂੰ ਹਾਂ ਫੱਸਿਆ।
ਸਮੰਦਰ ਕਿ ਅੰਬਰ?
ਮੈਂ ਕਿਸੇ ਦੇ ਨੀ ਅੰਦਰ।
ਚੈਨ ਕਿ ਵੈਣ?
ਕੋਲ ਦੋਵੇਂ ਈ ਨਾ ਹੈਣ।
ਉੱਲਾਸ ਕਿ ਉਦਾਸ?
ਕੁਝ ਵੀ ਨਾ ਮੇਰੇ ਪਾਸ।
ਹੰਝੂ ਕਿ ਹਾਸੇ?
ਮੈਂ ਕਿਸੇ ਵੀ ਨਾ ਪਾਸੇ।
ਸਾੜਾ ਕਿ ਜਾੜਾ?
ਸਭ ਕੁਝ ਹੀ ਮਾੜਾ।
ਸਵੇਰਾ ਕਿ ਨ੍ਹੇਰਾ?
ਕੋਈ ਵੀ ਨਾ ਮੇਰਾ।
ਧੁੱਪ, ਨ੍ਹੇਰਾ ਘੁੱਪ?
ਮੈਂ ਦੋਵਾਂ ਤੇ ਹੀ ਚੁੱਪ।
ਮੁਰਸ਼ਦ ਕਿ ਸ਼ਾਗਿਰਦ ਏ?
ਕੋਈ ਨਾ ਮੇਰੇ ਹਿਰਦੇ।
ਦੂਰ ਹੈਂ ਕਿ ਦਰ ਤੇ?
ਦੋਵੇਂ ਹੀ ਨਾ ਵਰਤੇ।
ਦਿਮਾਗ ਕਿ ਦੁਮ?
ਹੋਰ ਈ ਕਿਤੇ ਗੁੰਮ।
ਕਲਮ ਕਿ ਪੰਨਾ?
ਮੈਂ ਦੋਹਾਂ ਤੋਂ ਨਿਕੰਮਾ।
ਸੱਜਿਆ ਕਿ ਭੱਜਿਆ?
ਮੈਂ ਕਿਧਰੇ ਨਾ ਰੱਜਿਆ।
ਨੀਰਸ ਕਿ ਨਿਰਾਲਾ?
ਦੂਰ ਦੋਹਾਂ ਤੋਂ ਬਾਹਲਾ।
ਫਿਰ ਹੈਂ ਦੱਸ ਕਿੱਧਰ ਵਾਲਾ?
ਮੈਂ ਤੇ ਵਿਚ-ਵਿਚਾਲਾ।

Comments
Post a Comment