ਅੰਬ ਦੁਬਾਰਾ
ਸਾਨੂੰ ਕਿਸੇ ਨੇ ਦੱਸਿਆ
ਕਿ ਸਾਡੇ ਘਰ ਦੇ ਰੁੱਖ ਦੇ ਨਾਲ
ਛੱਡ ਕੇ ਇਕ ਸਾਲ
ਰੱਬ ਹੁੰਦਾ ਏ ਦਿਆਲ
ਰਿਸਦੇ ਨੇ ਕੁਝ ਅੰਬ;
ਪਰ ਵੇਖੋ, ਇਹ ਕੀ!
ਹੋ ਗਈ ਬੜੀ ਕਮਾਲ
ਲੱਗੇ ਸਨ ਪਿਛਲੇ ਸਾਲ
ਤੇ ਹੁਣ ਵੀ ਟਾਹਣੀਆਂ ਨਾਲ
ਦਿੱਸਦੇ ਨੇ ਕੁਝ ਅੰਬ।
ਸ਼ੁਰੂ ਹੋਇਆ ਬੂਰ ਹੈ ਪੈਣਾ,
ਵੇਖਿਆ ਅਸੀਂ ਮਾਰ ਕੇ ਝਾਤ -
ਕੀ ਏ ਇਹ ਕਰਾਮਾਤ!
ਕੀ ਹੋ ਗਿਆ ਰਾਤੋ ਰਾਤ!
ਅੰਬ ਦੇ ਰੁੱਖ ਨੂੰ ਜੀ?
ਪੱਤਿਆਂ ਨੇ ਜਗ੍ਹਾ ਬਣਾਈ,
ਫੁੱਲ ਕੁਝ ਰਹੇ ਨੇ ਜਾਗ,
ਲੱਗ ਪੈਣਾ ਹੁਣ ਰੁੱਖ ਤੇ ਬਾਗ,
ਮਹਿਕਣਗੇ ਸਾਡੇ ਭਾਗ,
ਖਿੜਾਉਣ ਲਈ ਮੁੱਖ ਨੂੰ ਜੀ।
ਅੱਜ ਕੋਇਲ ਗਾ ਰਹੀ ਸੀ,
ਇਕ ਟਾਹਣੀ ਤੇ ਬਹਿ ਕੇ,
ਜਿਹਨੂੰ ਵੇਖ ਅਸੀਂ ਵੀ ਚਹਿਕੇ।
ਕਿਤੇ ਉਹਨੇ ਤਾਂ ਨ੍ਹੀਂ ਕਹਿ ਕੇ,
ਹਨ ਅੰਬ ਇਹ ਲਗਵਾਏ?
ਕਿ ਰੱਬ ਖੁਸ਼ ਹੋਇਆ ਏ,
ਵੇਖ ਅਸਾਡੀ ਪ੍ਰੀਤ,
ਤੱਕ ਮੇਰੇ ਇੱਕ ਮੀਤ,
ਕੀ ਪੁੱਜ ਗਏ ਮੇਰੇ ਗੀਤ
ਜੋ ਰੁੱਖ ਅੰਬ ਦੇ ਨੂੰ ਸੁਣਾਏ?

Comments
Post a Comment