ਰਾਤੀਂ

ਬੱਗੀ ਕੰਧ ਤੇ ਪੈ ਰਿਹਾ ਸੀ, ਪੱਤਿਆਂ ਦਾ ਪਰਛਾਵਾਂ,
ਰਾਤ ਸੀ ਕੁਝ-ਕੁਝ ਕਾਲੀ, ਰੁਮਕਣ ਮਸਤੀ ਨਾਲ ਹਵਾਵਾਂ।
ਤਾਂ ਹੀ ਤੇ ਰੁੱਖ ਟਹਿਕਦੇ, ਤਾਂ ਹੀ ਮਹਿਕਦੇ ਫੁੱਲ,
ਝੂਮਣ ਲੱਗੀਆਂ ਰਾਤ ਦੇ ਰਾਜ ਚ, ਰੁੱਖਾਂ ਦੀਆਂ ਭੁਜਾਵਾਂ।

ਰੁੱਤ ਗਰਮ ਪਰ ਦਿਨ ਸੀ ਠੰਢਾ, ਲੱਗੀਆਂ ਰਾਤ ਸਭਾਵਾਂ,
ਸਭ ਨੇ ਭੇਜੇ ਨੇਤਾ ਆਪਣੇ, ਦੇ ਕੇ ਦਿਲੀ ਦੁਆਵਾਂ।
ਚੰਨ ਤਖਤ, ਤਾਰੇ ਦਰਬਾਰੀ, ਬਾਕੀਆਂ ਨੇ ਹੱਥ ਜੋੜ,
ਮੱਲੀਆਂ ਨਦੀ ਕਿਨਾਰੇ, ਨਾਲੇ ਹੋਰ ਵੀ ਕਈ-ਕਈ ਥਾਵਾਂ।

ਤਿਤਲੀ ਆਪਣੇ ਦੁੱਖ ਦੱਸੇ, ਰੁੱਖ ਉਹਨੂੰ ਦਵੇ ਸਲਾਹਵਾਂ,
ਦੱਸਣ ਤਾਰੇ ਲੱਗੇ, ਪ੍ਰੀਤ-ਕਣੀਆਂ ਦੀਆਂ ਕਲਾਵਾਂ।
ਚੰਨ ਮੁਸਕਾਉਂਦਾ ਵੇਖ ਕੇ ਜੀ, ਨਾਲੇ ਸਿਰ ਹਿਲਾਉਂਦਾ,
ਰਾਤ ਵੇਖਦੀ ਬੱਚਿਆਂ ਨੂੰ, ਖੇਡਦਿਆਂ ਨੂੰ ਜਿਉਂ ਮਾਵਾਂ।

ਸਭ ਪਾਸੇ ਇਕ ਠੰਢਕ ਹੈ ਅੱਜ, ਸਭ ਪਾਸੇ ਹਨ ਛਾਵਾਂ,
ਨਦੀ ਲੈਂਦੀ ਹੈ ਗੀਤ ਦੀ ਦਾਦ, ਛੂਹ ਰੁੱਖ ਦੀਆਂ ਖੜਾਵਾਂ।
ਤੇ ਮੈਂ ਕਵੀ ਇਹ ਸਭ ਕੁਝ ਤੱਕਦਾ, ਸਭ ਕੁਝ ਜੋ ਵਿਸਮਾਦੀ,
ਬਹਿ ਕੇ ਕੱਢਾਂ ਪੰਨੇ, ਕਲਮ, ਲਿਖਾਂ ਤਾਂ ਕੁਝ ਵਿਚ ਚਾਅਵਾਂ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ