ਇਕ ਬਾਬਾ ਜੀ

ਬਾਬਾ ਜੀ ਉਹ ਨਿੱਕੇ ਕਦ ਦੇ, ਉਮਰ ਦੇ ਵੀ ਕੁਝ ਖਾਸੇ,
ਮੈਂ ਸੜਕ ਦੇ ਇੱਕ ਤਰਫ, ਤੇ ਉਹ ਦੂਜੇ ਪਾਸੇ।
ਕਦਮ ਇੰਞ ਜਿਵੇਂ ਸੋਚ ਕੇ ਰੱਖਦੇ, ਚਡ਼੍ਹੇ ਨਾ ਤਨ ਨੂੰ ਸਾਹ,
ਮੇਰੀ ਨਿਗ੍ਹਾ ਪਈ ਸਹਿਜ ਸੁਭਾਏ, ਇੱਕ ਜੋ ਸਾਡਾ ਰਾਹ।
ਧੀਮੀ ਚਾਲੇ ਤੁਰਦੇ ਜਾਵਣ, ਕਦਮਾਂ ਨੂੰ ਉਹ ਤੱਕਦੇ;
ਹੱਥ ਪਿੱਛੇ, ਕਦਮ ਨਿੱਕੇ, ਨਿਗ੍ਹਾ ਨੀਵੀਂ ਹੀ ਰੱਖਦੇ।
ਪਤਾ ਨਹੀਂ ਉਹ ਘਰ ਵੱਲ ਜਾਂਦੇ, ਕਿ ਜਾਵਣ ਕੋਈ ਕੰਮ ਨੂੰ,
ਲੱਗਣ ਨਾ ਦਿੰਦੇ ਬਹੁਤੀ ਹਵਾ, ਢਿੱਲੇ ਪੈ ਰਹੇ ਚੰਮ ਨੂੰ।
ਰਾਤ ਮਹਿਕ ਤਾਰਿਆਂ ਦੀ ਵਿਚ, ਵਾਲ ਸੀ ਚਿੱਟੇ ਚਮਕੇ,
ਢਿੱਲੀਆਂ ਮੁੱਛਾਂ, ਢਿੱਲੀ ਦਾੜ੍ਹੀ, ਢਿੱਲੇ ਮਾਸ ਤੇ ਲਮਕੇ।
ਰੁਕੀ ਹੋਈ ਹੈ ਇੱਕ ਤਸਵੀਰ, ਐਵੇਂ ਦਾ ਕੁਝ ਛੱਲ ਪਿਆ,
ਫਿਰ ਯਾਦ ਕਰ ਕਿਸ ਕੰਮ ਆਇਆਂ, ਮੈਂ ਅੱਗੇ ਵੱਲ ਚੱਲ ਪਿਆ।

* * * * *

ਦੁਕਾਨੋਂ ਸੌਦਾ ਲੈ ਕੇ ਨਿਕਲਿਆ, ਜਿੱਥੇ ਸ਼ੋਰ-ਸ਼ਰਾਬਾ ਜੀ,
ਬਾਹਰ ਚੁੱਪ ਹਨ੍ਹੇਰੇ ਵਿੱਚ, ਦਿਸ ਪਏ ਫਿਰ ਉਹ ਬਾਬਾ ਜੀ।
ਉਹੀ ਦਾੜ੍ਹਾ, ਉਹੀ ਹੱਥ, ਉਹੀ ਕਦਮ ਅਥਾਹ,
ਹੌਲੀ-ਹੌਲੀ ਤੁਰਦੇ-ਤੁਰਦੇ, ਗਾਹ ਆਏ ਅੱਧਾ ਰਾਹ।
ਮੈਨੂੰ ਡਿੱਠਿਆ ਇਕ ਖਿਨ ਲਈ, ਗਏ ਰੁੱਕ ਮੇਰੇ ਸਾਹ,
ਇੰਞ ਤੱਕ ਕੇ ਫਿਰ ਅੱਗੇ ਤੁਰ ਪਏ, ਜਿੱਧਰ ਨੂੰ ਰਹੇ ਸੀ ਜਾ।
ਓਝਲ ਹੋ ਗਏ ਨਜ਼ਰਾਂ ਤੋਂ, ਇੰਞ ਲੁਕੇ ਹਨ੍ਹੇਰੇ ਵਿੱਚ,
ਤਸਵੀਰ, ਵਿਚ ਅੱਖ, ਧੜਕਨ ਸੀਨੇ, ਵਸ ਗਈ ਮੇਰੇ ਵਿਚ।
ਸਾਡੇ ਵਰਗੇ ਆਪਣੀ ਦੌੜ ਚ, ਰੁੱਝ ਹੀ ਜਾਵਣਗੇ,
ਪਰ ਹੌਲੀ ਤੁਰਦੇ ਬਾਬਾ ਜੀ, ਉੱਥੇ ਪੁੱਜ ਹੀ ਜਾਵਣਗੇ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ