ਦਰਿਆਵਾਂ ਦੇ ਵਹਿਣ

ਦਰਿਆਵਾਂ ਦੇ ਵਹਿਣ
ਕੱਲ ਲੱਗੇ ਮੈਨੂੰ ਕਹਿਣ
ਜਲ ਸੁੱਕਦੇ ਜਾਂਦੇ ਹੈਣ
ਦੱਸ ਕੀ ਕਰੀਏ?

ਹੋ ਕੇ ਉਨ੍ਹਾਂ ਵੱਲ
ਹਵਾ ਵੀ ਆਖੀ ਗੱਲ
ਲੱਭੋ ਤਾਂ ਕੋਈ ਹੱਲ
ਕਿ ਨਾ ਮਰੀਏ।

ਆਉਂਦਾ ਮਨ ਵਿਚ ਸ਼ੱਕ
ਪੁੱਜਾਂਗੇ ਸਾਗਰ ਤੱਕ?
ਨਾ ਜਾਈਏ ਕਿਧਰੇ ਥੱਕ
ਵਿਚ ਰਸਤੇ ਚਲਦੇ,

ਅਸੀਂ ਚਾਹੁੰਦੇ ਜਲ ਨਾ ਬੁੱਸੇ
ਤੇ ਸਾਗਰ ਵੀ ਨਾ ਰੁੱਸੇ
ਪਰ ਤੰਗ ਨੇ ਸਾਡੇ ਜੁੱਸੇ
ਤੇ ਜਿਗਰੇ ਢਲਦੇ।

ਹਵਾ ਦਾ ਰੋਣਾ ਛੁੱਟਿਆ
ਹੈ ਬੱਦਲ ਸਾਥੋਂ ਰੁਠਿਆ
ਤਾਂ ਹੀ ਤਾਂ ਨਾ ਹੈ ਤ੍ਰੁੱਠਿਆ
ਕੀ ਕਰੀਏ ਮੰਨ ਜੇ?

ਹੇ ਰਾਤ, ਸਾਡਾ ਸਰ ਸਕਦਾ
ਜੇਕਰ ਹਾਮੀ ਭਰ ਸਕਦਾ
ਬੱਦਲਾਂ ਨੂੰ ਕਰ ਸਕਦਾ
ਫਰਿਆਦ ਇਕ ਚੰਨ ਜੇ।

ਪਰ ਨਿਕਲਿਆ ਬੜਾ ਸਮਾਂ
ਨਾ ਹੋਇਆ ਜਲ ਜਮ੍ਹਾ
ਜ਼ੋਰ ਲਾਇਆ ਸਾਡਿਆਂ ਗਮਾਂ
ਅਰਜ਼ੀਆਂ ਪਵੀਆਂ ਵੇ,

ਇਕ ਮੰਨ ਲੈ ਤੂੰ ਗੱਲ
ਕੱਢ ਜਾ ਸਾਡਾ ਹੱਲ
ਕੁਝ ਹੋਵੇ, ਆਵੇ ਜਲ
ਦੱਸ ਤਾਂ ਕਵੀਆ ਵੇ।

ਦਰਿਆਵਾਂ ਦੇ ਵਹਿਣ
ਹੁਣ ਮੈਨੂੰ ਜਾਂਦੇ ਕਹਿਣ
ਨੀਰੋਂ ਮੁੱਕ ਗਏ ਨੈਣ
ਕਿੰਞ ਜਲ ਆਵੇ!

ਦਰਿਆ ਹਨ ਬੜੇ ਉਦਾਸ
ਤੁਸਾਂ ਨੂੰ ਹੈ ਅਰਦਾਸ
ਦੱਸ ਜਾਵੋ ਆ ਕੇ ਪਾਸ
ਜੇ ਸੁੱਝ ਹੱਲ ਜਾਵੇ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ