"ਕੀ ਤੁਸੀਂ ਗਾ ਲੈਂਦੇ ਹੋ?"
ਉਨ੍ਹਾਂ ਪੁੱਛਿਆ - "ਕੀ ਤੁਸੀਂ ਗਾ ਲੈਂਦੇ ਹੋ?"
ਤੇ ਮੈਂ ਸੋਚੀਂ ਪੈ ਗਿਆ।
ਹਾਂ, ਸ਼ੌਂਕ ਵੀ ਹੈ ਪਰ ਝਿਜਕ ਵੀ ਹੈ
ਗਾਉਣ ਦਾ ਰੰਗ ਤਾਂ ਹੈ ਪਰ ਗਾਉਣਾ ਰਿਜਕ ਨਹੀਂ ਹੈ
ਗਾਉਣਾ ਮੁਹੱਬਤ ਤਾਂ ਹੈ ਪਰ ਜ਼ਰਾ ਮੁਹਾਰਤ ਨਹੀਂ ਹੈ
ਜੇਕਰ ਗਾਉਣਾ ਇਕ ਰਸਤਾ ਹੈ
ਤਾਂ ਮੈਂ ਕੁਝ ਤੁਰਿਆ ਤਾਂ ਹਾਂ
ਕਿਤੇ ਪੁੱਜਿਆ ਤਾਂ ਹਾਂ
ਸਫ਼ਰ ਦਾ ਕੁਝ ਅਨੰਦ ਲੈ ਤਾਂ ਚੁੱਕਾ ਹਾਂ
ਪਰ ਅੱਗੇ ਬਹੁਤ ਰਾਹ ਹੈ ਦਿਸ ਰਿਹਾ ਅਣਛੋਹਿਆ
ਜੇਕਰ ਚਿੜੀਆਂ ਗਾਉਣ
ਤਾਂ ਨਾਲ ਨਾਲ ਗਾ ਲੈਂਦਾ ਹਾਂ
ਪਰ ਜੇਕਰ ਚਿੜੀਆਂ ਮੈਨੂੰ ਸੁਣਨ ਲਈ ਚੁੱਪ ਹੋ ਜਾਣ
ਤਾਂ ਮੈਂ ਵੀ ਚੁੱਪ ਹੋ ਜਾਂਦਾ ਹਾਂ
ਦੱਸੋ ਮੈਂ ਭਲਾ ਸੁਰੀਲੀਆਂ ਨੂੰ ਕੀ ਸੁਣਾਵਾਂ?
ਪਰ ਕੁਦਰਤ ਕਦੇ ਕਦੇ ਸੁਣ ਵੀ ਲੈਂਦੀ ਹੈ ਮੈਨੂੰ ਗਾਉਂਦਿਆਂ
ਜਦ ਚਿੜੀਆਂ ਲੁਕ ਚੁਕੀਆਂ ਹੁੰਦੀਆਂ ਨੇ
ਮੈਂ ਗਾ ਸਕਦਾ ਹਾਂ ਖਾਲੀ ਬਾਗ ਵਿਚ
ਹਨੇਰੇ ਦੀ ਲੋਈ ਵਿਚ ਬੈਠ ਕੇ
ਛੋਟੇ ਫੁੱਲਾਂ ਅੱਗੇ, ਹੌਲ਼ੇ ਬਦਲਾਂ ਅੱਗੇ
ਹਾਏ! ਮੇਰੇ ਨੀਵੇਂ ਸੁਰ, ਧੀਮੀ ਆਵਾਜ਼, ਹਲਕਾ ਅੰਦਾਜ਼
--
ਉਨ੍ਹਾਂ ਫਿਰ ਮੋਢਿਓਂ ਹਿਲਾ ਕੇ ਪੁੱਛਿਆ -
"ਕੀ ਤੁਸੀਂ ਗਾ ਲੈਂਦੇ ਹੋ?"
ਮੈਂ ਹੱਸ ਕੇ ਕਿਹਾ, "ਮੈਂ ਛੋਟੀ ਸੰਗਤ ਦਾ ਗਾਇਕ ਹਾਂ।"

Comments
Post a Comment