ਸ਼ਬਦਾਂ ਦੀ ਜੰਗ
ਸ਼ਬਦਾਂ ਦੀ ਜੰਗ ਚੱਲੀ, ਜਦੋਂ ਜਹਾਨ ਵਿਚ
ਉੱਤਰੇ ਦੋ ਜੁਝਾਰੂ, ਉਦੋਂ ਮੈਦਾਨ ਵਿਚ
ਜੋ ਕਹਿੰਦੇ "ਮੌਤ ਸ਼ਹੀਦੀ", ਜਾਨਾਂ ਵਾਰ ਗਏ
ਜੋ ਪੁੱਛਦੇ ਰਹੇ "ਕੀ ਲਾਭ", ਉਹ ਤਾਂ ਹਾਰ ਗਏ!
ਕਿਸ ਦੀ ਸੁਣੀਏ ਗੱਲ, ਸਭ ਤਾਂ ਬੋਲੇ ਹੀ ਨਹੀਂ
ਤੱਤ ਜੋ ਆਖਣ ਗੱਲ, ਹਾਲੇ ਗਏ ਟੋਲੇ ਹੀ ਨਹੀਂ
ਇਕ ਮੱਠੀ ਮੱਠੀ 'ਵਾਜ, ਸੁਣਨਾ ਬਾਕੀ ਹੈ
ਜਿੱਤਿਆ ਕੌਣ ਹੈ ਜੰਗ, ਚੁਣਨਾ ਬਾਕੀ ਹੈ
ਕਿਨਾਰਿਓਂ ਆਉਂਦੇ ਬੋਲ, ਗੌਰ ਗਏ ਕੀਤੇ ਨਹੀਂ
ਜੋ ਦੱਬੇ ਰਹਿ ਗਏ ਸ਼ਬਦ, ਉਹ ਕਾਹਤੋਂ ਜਿੱਤੇ ਨਹੀਂ?
ਗੱਲਾਂ ਕਰਦਿਆਂ ਸਾਨੂੰ, ਲੰਘ ਗਏ ਅਰਸੇ ਨੇ
ਸੁਣਨ ਲਈ ਨਵੀਆਂ ਗੱਲਾਂ, ਕੰਨ ਵੀ ਤਰਸੇ ਨੇ
ਨਵੀਆਂ ਗੱਲਾਂ ਨਿਕਲਣ, ਗੱਲਾਂ ਵਿਚੋਂ ਹੀ
ਨਵੇਂ ਸਮੁੰਦਰ ਨਿਕਲਣ, ਛੱਲਾਂ ਵਿਚੋਂ ਹੀ
ਖੁਦ ਦੇ ਅੱਖਰ ਸੁਣਦਿਆਂ, ਦੂਜੇ ਵਿਸਰ ਗਏ
ਕਿਸੇ ਵਕਤ ਦੇ ਰਾਜੇ, ਹੋ ਹੁਣ ਸਿਫਰ ਗਏ
ਪਰ ਜਿੰਨ੍ਹਾਂ ਸੁਣਿਆਂ ਸਿਫਰਾਂ ਨੂੰ, ਉਹ ਮੁੱਕੇ ਨਹੀਂ
ਉਹ ਜਿਊਂਦੇ, ਜਿਗਰੇ ਜਿੰਨ੍ਹਾਂ ਦੇ ਹਾਲੇ ਸੁੱਕੇ ਨਹੀਂ
ਸੋ ਜੰਗ ਦੇ ਇੰਞ ਹਾਲਾਤ ਤਾਂ ਲਿਖਣੇ ਔਖੇ ਜੀ
ਕਈ ਸਾਂਭੇ ਗਏ, ਕਈ ਹੱਥੋਂ ਛੁੱਟੇ ਮੌਕੇ ਜੀ
ਗੌਰ ਨਾਲ ਵੇਖੋ, ਜੰਗਾਂ ਅੱਜ ਵੀ ਉਹੀ ਨੇ
ਜਵਾਬ ਲੱਭਣ ਦੀਆਂ ਮੰਗਾਂ ਅੱਜ ਵੀ ਉਹੀ ਨੇ
ਕਹਿਣਾ ਇਕ ਜਵਾਬ, ਹੈ ਏਹੋ ਔਕੜ ਜੀ
ਪੁੱਗਦਾ ਨਹੀਂ ਖੁਆਬ, ਹੈ ਏਹੋ ਔਕੜ ਜੀ
ਹੱਲ ਨੇ ਮਿਲਣੇ ਲੇਕਿਨ ਖੁੱਲ ਕੇ ਚਿਤਵਣ ਤੋਂ
ਕੰਧਾਂ ਤੇ ਸਰਹੱਦਾਂ ਭੁੱਲ ਕੇ ਚਿਤਵਣ ਤੋਂ
ਕਰਨਾ ਅਸੀਂ ਬਚਾਅ, ਸੁੰਗੜਦੀਆਂ ਕੰਧਾਂ ਤੋਂ
ਨਵਾਂ ਹੈ ਬੁਣਨਾ ਮਹਿਲ, ਸੁੱਕੀਆਂ ਤੰਦਾਂ ਤੋਂ
ਉਹ ਕੈਸੀ ਹੋਵੇ ਥਾਂ, ਜੋ ਸ਼ਕਲਾਂ ਜਾਣੇ ਨਾ
ਕਿਹੜਾ ਸ਼ਬਦ ਜੋ ਭਾਸ਼ਾ ਭੇਦ ਪਛਾਣੇ ਨਾ
ਉਸ ਸ਼ਬਦ ਚੋਂ ਹੀ ਤਾਂ ਅਸਾਂ ਨੇ ਪੰਕਤੀਆਂ ਚੁੱਕਣੀਆਂ ਨੇ
ਉਹ ਸ਼ਬਦ ਬੋਲ ਕੇ ਹੀ ਤਾਂ ਜੰਗਾਂ ਮੁੱਕਣੀਆਂ ਨੇ।
Comments
Post a Comment