Posts

ਰਮਜ਼ ਨਾ ਜਾਣੀ

ਗੱਲ ਸੀ ਰਮਜ਼ੀ ਸੁਣੀ ਜੋ ਓਸ ਰਮਜ਼ ਨਾ ਜਾਣੀ ਭਟਕ ਗਈਓਸ ਕਿਵਾੜਾਂ ਤੋਂ ਸੀ ਬੱਸ ਗਜ ਜਿੰਨਾ ਦੂਰ ਧੁੰਦਾਂ ਚੋਂ ਮੁੜ ਪਿਆ ਜਦ ਅਫਸੋਸ ਛਿਦੇ ਬਨੇਰਿਓਂ ਰਹੇ ਸੀਗੇ ਵੇਂਹਦੇ ਅਵਾਜ਼ ਨਾ ਮਾਰੀ ਭਲਾ ਕੀ ਰੋਸ ਤੁਰਣ ਜੋਗੇ ਨਾ ਰੁਕਣ ਜੋਗੇ ਸੀ ਪੋਲੀਆਂ ਤਲੀਆਂ ਤੇ ਸੜਕਾਂ ਠੋਸ ਅਸੀਂ ਹਵਾ ਦੇ ਸੱਦਿਆਂ ਉੱਡ ਆ ਜਾਣਾ ਉਹ ਭੇਜੇ ਇਕ ਵੇਰੀ ਸੱਦੇ ਤਾਂ ਪਰੋਸ ਸੁਰਕਦੇ ਰਹੇ ਪਰ ਚੁੱਪ ਹੀ ਖੜ੍ਹਿਆਂ ਦਿਲ-ਤਪਸੀਦ ਨੂੰ ਰਹੇ ਪਲੋਸ ਗੱਲ ਸੀ ਰਮਜ਼ੀ ਸੁਣੀ ਜੋ ਓਸ ਰਮਜ਼ ਨਾ ਜਾਣੀ ਭਟਕ ਗਈਓਸ

ਰਹਿ ਜਾਣਾ ਅਧਵਾਟੇ ਹੀ

ਇਸ ਦਰਿਆ ਦੀਆਂ ਕੁਝ ਨਹਿਰਾਂ ਤਾਂ ਹੋਰ ਦਿਸ਼ਾ ਵੱਲ ਵਗ ਤੁਰੀਆਂ ਜਿਉਂ ਇੱਕੋ ਡਾਰ ਉਡਾਰੀ ਵਿਚੋਂ ਡਾਰਾਂ ਕੁਝ ਅਲੱਗ ਤੁਰੀਆਂ ਰੋਸ਼ਨੀਆਂ ਰੰਗਾਵਲ ਰਾਹੀਂ ਸੱਤ ਧਾਰਾਵਾਂ ਹੋ ਗਈਆਂ ਤੇ ਗੁੰਧੀਆਂ ਗੁੱਤਾਂ ਖਿਲਰੇ ਕੇਸੀਂ ਬਣ ਕੇ ਕਿਤੇ ਤਾਂ ਉਹ ਗਈਆਂ ਬੱਦਲਾਂ ਦੇ ਫੰਭੇ ਰਿਸ ਰਿਸ ਕੇ ਮੀਹ ਦੀਆਂ ਤਾਰਾਂ ਬਣ ਜੋ ਪਏ ਹਵਾ ਦੇ ਝੋਕੇ ਰੁੱਖਾਂ ਥਾਣੀ ਕਈ ਦਿਸ਼ਾਵਾਂ ਤਣ ਜੋ ਗਏ ਮੁਸਾਫਰ ਤੁਰਦੇ ਜਾਂਦੇ ਭੁੱਲੇ ਪਿੱਛੇ ਛੁੱਟੇ ਰਾਹੀਆਂ ਨੂੰ ਮੁੱਕੀਆਂ ਜੰਗਾਂ ਦੇ ਪੈਗਾਮ ਨਾ ਪਹੁੰਚ ਸਕੇ ਸਿਪਾਹੀਆਂ ਨੂੰ ਇੰਝ ਹੱਥਾਂ ਦੀਆਂ ਸਭ ਲਕੀਰਾਂ ਮਿਲ ਨਾ ਪਾਈਆਂ ਤਲੀਆਂ ਤੇ ਇੰਝ ਸੜਕਾਂ ਤੇ ਪਹੁੰਚ ਨਾ ਪਾਈਆਂ ਕੁੜੀਆਂ ਖੜੀਆਂ ਗਲੀਆਂ ਤੇ ਪਿੱਛੇ ਛੁੱਟ ਗਏ ਵਿਸਰੇ ਕਿੱਸੇ ਕਿਸੇ ਕਿਤਾਬ ਚ ਅਹੁੜੇ ਨਹੀਂ ਇਸ ਕਾਰਜ ਵਿਚ ਬਣ ਪਾਏ ਸੀ ਸਭ ਕੜੀਆਂ ਦੇ ਜੋੜੇ ਨਹੀਂ ਤੂੰ ਦਰਿਆ ਜੇ ਸੋਚਣ ਬੈਠਾ ਨਹਿਰਾਂ ਦੇ ਹੁਣ ਥਹੁ ਪਤੇ ਹੋ ਨਾ ਪਾਣੇ ਇਸ ਪੰਚਾਇਤ ਇਸ ਗੱਲ ਦੇ ਫਿਰ ਬਹੁ-ਮਤੇ ਜਾਂ ਚੁਣਨਾ ਹੈ ਪੁੱਜਣਾ, ਭਾਵੇਂ ਪੁੱਜਣਾ ਕੁੜਤੇ ਪਾਟੇ ਹੀ ਜਾਂ ਛੁੱਟ ਗਏ ਰਾਹਾਂ ਨੂੰ ਤੱਕਦੇ ਰਹਿ ਜਾਣਾ ਅਧਵਾਟੇ ਹੀ

University ਤੇ Universe

ਜੋ university ਨਹੀਂ ਸਿਖਾਉਂਦੀ ਉਹ universe ਸਿਖਾ ਦਿੰਦਾ ਹੈ ਸਾਡੇ mind ਦੀ ਟਿਕੀ earth ਵਿਚ Earthquake ਲਿਆ ਦਿੰਦਾ ਹੈ Earthquake ਬਿਨਾਂ ਖੜ੍ਹੇ ਪਾਣੀ ਆਪੇ shake ਹੁੰਦੇ ਨਹੀਂ Sleep ਦੇ ਵਿਚ ਫਸੇ ਹੋਏ ਉਵੇਂ awake ਹੁੰਦੇ ਨਹੀਂ ਜੋ ਆਪ ਲਿਖ ਨਾ ਪਾਵੋ ਉਹ claude ਲਿਖਾ ਦਿੰਦਾ ਹੈ ਜੋ university ਨਹੀਂ ਸਿਖਾਉਂਦੀ ਉਹ universe ਸਿਖਾ ਦਿੰਦਾ ਹੈ

ਕੇਸ ਫਰੋਲੇ

ਮੈਂ ਸੁੱਤੇ ਪਏ ਦੇ ਜਦ ਕੇਸ ਫਰੋਲੇ ਉਹ ਪਰਤੇ ਨਾ ਪਾਸਾ... ਮੁਸਕੁਰਾਏ ਬਸ ਪੋਲੇ ਮਿੱਟੀ ਦੇ ਰੰਗਾਂ ਦੇ ਪਾਏ ਜੋ ਚੋਲੇ ਮੈਂ ਦੇਖਾਂ ਜੋ ਧਰਤੀ ਦੇ ਸੀਨੇ ਚੋਂ ਟੋਲੇ ਹਵਾ ਲੰਘਦੀ ਹੈ ਫੁੱਲਾਂ ਚੋਂ ਹੋ ਪੈਰੀਂ ਪੋਲੇ ਤੇ ਬੋਲੀ ਮੂਹੋਂ ਅਸਾਂ ਮੂਕਾਂ ਦੀ ਬੋਲੇ ਮੇਰਾ ਮਨ ਛੁਪੇ ਰਹਿਣ ਵਿਚ ਬੜਾ ਹੀ ਮਉਲੇ ਇਹ ਚੁੱਪਾਂ ਦੀ ਔਸ ਨੂੰ ਰਾਤਾਂ ਚ ਘੋਲੇ ਵਧਾਏ ਮੈਂ ਕਦਮ ਫਿਰ ਫੁੱਲਾਂ ਤੋਂ ਹੌਲੇ ਹੋ ਸੜਕਾਂ ਤੋਂ ਦੂਰ ਤੇ ਰੁਖਾਂ ਦੇ ਕੋਲੇ ਇਸ ਰਾਤ ਕਈ ਭੇਤ ਤਾਂ ਸਹਜੇ ਹੀ ਖੋਲੇ ਜੋ ਉਂਝ ਸੁੰਨ ਰਾਤਾਂ ਚ ਹੋਣ ਅਣਗੌਲੇ ਲਿਖਣੇ ਸੀ ਜਿਸ ਤੇ ਚਾਹੇ ਸੋਹਿਲੇ ਉਹ ਘਰ ਛੁੱਟ ਗਿਆ ਹੈ ਕਲਮਾਂ ਤੋਂ ਉਹਲੇ ਵਗ ਵਗ ਹਵਾ ਮੇਰੇ ਕੇਸ ਫਰੋਲੇ ਮੈਂ ਪਰਤਾਂ ਨਾ ਪਿੱਛੇ... ਮੁਸਕਰਾਵਾਂ ਬੱਸ ਪੋਲੇ।

ਕੰਬਦੀਆਂ ਉਂਗਲਾਂ

ਕੰਬਦੀਆਂ ਉਂਗਲਾਂ ਪੁੱਜ ਨਾ ਪਾਈਆਂ ਚਿਹਰੇ ਤੀਕ ਮੈਂ ਅੱਖਾਂ ਬੰਦ ਕਰ ਲਈਆਂ, ਇਹੀ ਲੱਗਿਆ ਠੀਕ ਕੰਬਦੀਆਂ ਅੱਖਾਂ ਵੇਖ ਨਾ ਪਾਈਆਂ ਅੰਦਰਾਂ ਤੀਕ ਮੈਂ ਉਤਲੇ ਪਾਣੀਆਂ ਤੱਕਦਾ ਰਿਹਾ ਸੀ ਹੋ ਨਜ਼ਦੀਕ ਕੰਬਦੀਆਂ ਲਹਿਰਾਂ ਗਿਰ ਨਾ ਪਾਈਆਂ ਕੰਢਿਆਂ ਤੀਕ ਪਾਣੀਆਂ ਉੱਤੇ ਖਿੱਚ ਕੇ ਤੁਰ ਗਿਆ ਜਿਉਂ ਕੋਈ ਲੀਕ ਕੰਬਦੀਆਂ ਲੀਕਾਂ ਰਿਸ਼ਮਾਂ ਦੀਆਂ, ਬਸ ਪਲਕਾਂ ਤੀਕ ਰੌਣਹਾਕੀਆਂ ਰਿਸ਼ਮਾਂ ਹੋਈਆਂ, ਉਂਝ ਰਮਣੀਕ ਕੰਬਦੀਆਂ ਬੂੰਦਾਂ ਅਸ਼ਕਾਂ ਦੀਆਂ ਬਹੁਤ ਬਾਰੀਕ ਮਸ਼ਕਾਂ ਦਿਸੀਆਂ ਦਿਲ ਵਿਚ ਕੀਤੀ ਜਦ ਤਹਿਕੀਕ ਜਦ ਮਸ਼ਕਾਂ ਬਾਲੀ ਅੱਗ ਤਾਂ ਪਈਆਂ ਅੱਖਾਂ ਚੀਖ ਪਰ ਕੰਬਦੀਆਂ ਉਂਗਲਾਂ ਪੁੱਜ ਨਾ ਪਾਈਆਂ ਚਿਹਰੇ ਤੀਕ

ਬਾਗਾਂ ਦੀ ਦਸਤਾਰ

ਜੇ ਇਕ ਇਕ ਫੁੱਲ ਆ ਜਾਵੇ ਤੇਰੇ ਇਕ ਇਕ ਕੇਸ ਦੀ ਥਾਵੇਂ ਬਾਗਾਂ ਦੀ ਦਸਤਾਰ ਪਹਿਨ ਕੇ ਮੇਰੇ ਸਾਹਮਣੇ ਆਵੇਂ ਤਾਂ ਤੇਰੇ ਸਿਰ ਨੂੰ ਰੱਖ ਕੇ ਗੋਦੀ ਮੈਂ ਹੱਥ ਫੁੱਲਾਂ ਵਿਚ ਫੇਰਾਂ ਤੇ ਫੁੱਲਾਂ ਉੱਪਰ ਸ਼ਬਨਮ ਵਾਂਗੂ ਅੱਖ ਦੀਆਂ ਬੂੰਦਾਂ ਕੇਰਾਂ ਫਿਰ ਕੋਈ ਉਗਦੀ ਵੇਲ ਮੇਰੇ ਵੀ ਕੇਸਾਂ ਵਿਚ ਰੁੱਝ ਜਾਵੇ ਖਾ ਵਲੇਵੇਂ ਰੁੱਖਾਂ ਦੁਆਲੇ ਜ਼ਮੀਨਾਂ ਵਿਚ ਪੁੱਜ ਜਾਵੇ ਉਸ ਰੁੱਖ ਦੀਆਂ ਸਾਕਾਂ ਦੇ ਨਾਲ ਲਗ ਕੇ ਫਿਰ ਛਾਵੇਂ ਹੈ ਬਹਿਣਾ ਪਾ ਦੇਣਾ ਫਿਰ ਕੜਿਆਂ ਵਾਂਗੂ ਮੈਂ ਗੰਦਲਾਂ ਦਾ ਗਹਿਣਾ ਤੂੰ ਫਿਰ ਸ਼ਾਮੀਂ ਕੇਸਾਂ ਉੱਪਰ ਤਾਣੇਂ ਜਦ ਫੁਲਕਾਰੀ ਉਹ ਏਦਾਂ ਹੀ ਜਿਵੇਂ ਬਾਗ ਦੇ ਉੱਪਰ ਰੱਬ ਨੇ ਰਾਤ ਉਤਾਰੀ ਤੂੰ ਕਰੀਂ ਉਡੀਕਾਂ ਮੁੜਨ ਸਮੇਂ ਦੀਆਂ, ਲਗ ਜਾਣ ਸਦੀਆਂ ਭਾਵੇਂ ਲਿਆਵਾਂਗਾ ਮੈਂ ਇਕ ਇਕ ਫੁੱਲ ਤੇਰੇ ਇਕ ਇਕ ਕੇਸ ਦੀ ਥਾਵੇਂ Inspired by: https://www.instagram.com/p/DahzJD6T032/

48 ਘੰਟੇ

ਘੜੀ ਚਾਲੂ ਹੈ ਹੁਣ ਬੋਲਣ ਲਈ 48 ਘੰਟੇ ਤੁਹਾਡੇ ਕੋਲ ਜੋ ਵੀ ਕਹਿਣਾ ਜਿੰਨਾ ਕਹਿਣਾ ਇਸੇ ਵਿਚ ਹੀ ਦੇਣਾ ਬੋਲ ਜੋ ਜੋ ਸੱਟਾਂ ਲੱਗੀਆਂ ਸਨ ਇਹੀ ਮੌਕਾ - ਦਿਓ ਖੋਲ ਚੁੱਪ ਰਹੋ ਜਾਂ ਕਰੋ ਮੁਨਾਦੀ 48 ਘੰਟੇ ਤੁਹਾਡੇ ਕੋਲ ਉਹ ਦਹਾਕੇ ਲਾ ਕੇ ਆਪਣੇ ਕਿੱਸੇ ਦੱਸਣਗੇ ਬੋਲ ਬੋਲ ਤੁਹਾਡੇ ਲਈ ਘੜੀ ਚਾਲੂ ਹੈ 48 ਘੰਟੇ ਤੁਹਾਡੇ ਕੋਲ

ਤੂੰ ਫੁੱਲਾਂ ਦਾ ਕੌਣ ਭਲਾ

ਉਹ ਫੁੱਲਾਂ ਦੀਆਂ ਕੁਝ ਲਾਸ਼ਾਂ ਸੀ, ਸਮੇਟ ਰਿਹਾ ਇਕ ਚੱਦਰ ਵਿਚ ਇਕੱਠੀਆਂ ਕਰ, ਲਪੇਟ ਰਿਹਾ ਫਿਰ ਬੰਨ੍ਹ ਕੇ ਜੀਕਣ ਗੱਠੜੀਆਂ ਸੀ ਚੁੱਕ ਰਿਹਾ ਕੋਈ ਰਹੀਆਂ ਤਾਂ ਨੀ, ਵੇਖਣ ਦੇ ਲਈ ਰੁੱਕ ਰਿਹਾ ਉਸ ਜਾ ਕੇ ਟੁੱਟੀਆਂ ਟਹਿਣੀਆਂ ਤੇ ਜਲਾ ਦਿੱਤਾ ਕਿ ਖੋਦ ਕੇ ਉਸ ਨੂੰ ਮਿੱਟੀ ਵਿਚ ਰਲਾ ਦਿੱਤਾ ਫਿਰ ਤੁਰ ਪਿਆ ਰੁੱਖ ਕਰ ਕੇ ਕਿਸੇ ਹੋਰ ਬਿਰਖ ਫਿਰ ਛਾਵਾਂ ਵਿਚ ਗੁਆਚ ਗਿਆ ਉਹ ਕਿਸੇ ਤਰਫ ਉਸ ਰੁੱਖ ਨੇ ਬੱਸ ਪਰ ਉਨਾ ਚਿਰ ਹੀ ਛਾਂ ਦਿੱਤੀ ਜਦ ਤੱਕ ਰਹੀ ਸੀ ਉੱਡਦੀ ਫੁੱਲਾਂ ਦੀ ਮਿੱਟੀ ਚੁੱਕਣ ਵਾਲੇ, ਤੂੰ ਫੁੱਲਾਂ ਦਾ ਕੌਣ ਭਲਾ ਤੂੰ ਕੱਲਾ ਹੀ ਰੱਖਦਾ ਹੈਂ ਕਿਉਂ ਮੌਨ ਭਲਾ ਤੈਨੂੰ ਪੁੱਛਦੀ ਨਹੀਂ ਆ ਕੇ ਕੀ ਇਹ ਪੌਣ ਭਲਾ ਤੂੰ ਸਾਕ ਨਹੀਂ ਤਾਂ ਤੇਰੇ ਨੈਣ ਕਿਉਂ ਰੌਣ ਭਲਾ

ਗਿੱਠਾਂ ਚ ਨਾਪਦੇ

ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ ਇਨ੍ਹਾਂ ਖਿੜਕੀਆਂ ਦੇ ਵਿਚੋਂ ਜੋ ਦਿਸ ਰਹੇ ਬਿਰਖ ਨੇ ਜੋ ਲੰਘਦੇ ਜਾ ਰਹੇ ਪਿੱਛੇ ਦੀ ਤਰਫ ਨੇ ਖੜ੍ਹੇ ਤਾਰਿਆਂ ਦੇ ਚਾਨਣ ਚ ਬੀਤ ਰਹੇ ਛੁੱਟ ਗਏ ਇਨ੍ਹਾਂ ਚ ਮੇਰੇ ਕਈ ਹਰਫ ਨੇ ਮੈਨੂੰ ਕਿੱਸੇ ਕਈ ਗੁੰਮ ਗਏ ਰੁੱਖਾਂ ਚ ਜਾਪਦੇ ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ ਕਿੰਨੇ ਸ਼ਹਿਰਾਂ ਚ ਰਹਿ ਗਏ ਮੇਰੇ ਨੇ ਮੀਤ ਕਈ ਬਣ ਸਕਦੇ ਸੀ, ਬਣੇ ਨਾ, ਐਸੇ ਸੰਗੀਤ ਕਈ ਬਣ ਸਕੇ ਨਾ ਕਿੰਨੇ ਭਵਿੱਖ, ਅਤੀਤ ਕਈ ਮੁਲਾਕਾਤਾਂ, ਸਬੱਬ, ਅੱਖਰ ਗਏ ਬੀਤ ਕਈ ਅੱਖਰ ਜੋ ਸੀ ਮੇਰੇ ਹਿੱਤਾਂ ਚ ਆਪ ਦੇ ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ ਦਿਸੀ ਇਕ ਨਜ਼ਰ - ਬੱਸ ਏਡੀ ਕੁ ਝਲਕ ਲਈ ਕਿ ਪਲ ਜੇਡੇ ਵਿਚ ਮੇਰੇ ਦਿਲ ਵਿਚ ਡਲ੍ਹਕ ਪਈ ਕਿ ਪਲ ਲਈ ਮਨਾਂ ਚ ਹਵਾ ਫਿਰ ਵਗ ਪਈ ਫਿਰ ਉਹ ਅੱਖ ਤੁਰ ਆਪਣੇ ਸਫਰ ਪਈ ਬਣ ਪੈਣੇ ਇੰਝ ਹੀ ਸਬਬ ਸ਼ੈਦ ਮਿਲਾਪ ਦੇ ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ

ਲਾਲ ਪਰਦੇ

ਕੋਲ ਤਾਕੀ ਦੇ ਬੈਠ ਅਸੀਂ ਪੜ੍ਹਦੇ ਸੀ ਅੱਖਰ ਹਵਾਵਾਂ ਦੇ ਵਿੱਚੋਂ ਰੁਮਕਦਾ ਸੀ ਕੱਕਰ ਤੁਸੀਂ ਕੇਸਾਂ ਥਣੀ ਫੜਿਆ, ਕਿਤਾਬ ਸੱਟ ਘੱਤੀ ਸਾਡਾ ਨੱਕ, ਸਾਡੀ ਧੌਣ, ਗਈ ਲਹੂ ਨਾਲ ਰੱਤੀ ਉਥੇ ਸਾਨੂੰ ਡੱਕਿਆ, ਲਾਲ ਜਿੱਥੇ ਪਰਦੇ ਪ੍ਰੇਤ ਤੇ ਪਿਸ਼ਾਚ ਜਿੱਥੇ ਗੱਲਾਂ ਰਾਤੀਂ ਕਰਦੇ ਮੈਂ ਨਿਮਾਣੀ ਪੁੱਛਾਂ - ਕਿਤੇ ਮੈਂ ਹੀ ਤਾਂ ਨੀ ਮਾੜੀ ਜਿਸ ਗੱਲੋਂ ਤੁਸੀਂ ਬੰਦ ਕਮਰੇ ਚ ਵਾੜੀ ਕਈ ਦਿਨਾਂ ਪਿੱਛੋਂ ਤੁਸੀਂ ਫਿਰ ਬੂਹਾ ਖੁਲਵਾਇਆ ਹੱਸ, ਚੁਪਚਾਪ ਆਣ ਗੱਲ੍ਹਾਂ ਸਹਿਲਾਇਆ ਸਾਨੂੰ ਜਿੱਤਣਾ ਵੀ ਚਾਹਿਆ, ਤੋਹਫਿਆਂ ਦੇ ਸੰਗ ਅਸੀਂ ਨੇਰ੍ਹਿਆਂ ਦੇ ਹੰਢ ਚੁਕੇ, ਜਚਣ ਨਾ ਰੰਗ

ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ

ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ ਕੋਈ ਬੂੰਦ ਵੀ ਫੜਕ ਰਹੀ ਇਸ ਪਲ ਨਹੀਂ ਸੁਰਤ ਦੇ ਰੁੱਖ ਦੇ ਉੱਤੇ ਪੱਤੇ ਖੜਕਣ ਨਾ ਸੁੱਕੇ ਸੀਨਿਆਂ ਵਿਚ ਹੁਣ ਕੋਈ ਵੀ ਤੜਫਣ ਨਾ ਵਲਵਲਿਆਂ ਦਾ ਦੇਸ ਹੈ ਰਹਿ ਗਿਆ ਉਸ ਗਰਾਂ ਅਸੀਂ ਤਾਂ ਆ ਗਏ ਸੁੰਨੇ ਪਿੰਡ ਵਿਚ ਬੜੇ ਪਰਾਂ ਕੀ ਏਹੋ ਮੇਰਾ ਰਾਹ ਹੈ, ਕਿ ਮੈਂ ਚੁੱਪ ਰਹਾਂ? ਕਿ ਛਾਵਾਂ ਨੂੰ ਨਾ ਲੱਭਾਂ, ਤੇ ਮੈਂ ਧੁੱਪ ਰਹਾਂ? ਸੁੱਕੇ ਪਏ ਨੇ ਨੈਣ, ਵਿਚ ਹੁਣ ਜਲ ਨਹੀਂ ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ

ਹਨੇਰਾ ਵੇਖਿਆ, ਹਨੇਰਾ ਲਿਖਿਆ

ਹਨੇਰਾ ਵੇਖਿਆ, ਹਨੇਰਾ ਲਿਖਿਆ ਲੱਗੇ ਰਹੇ ਬਿਆਨਣ ਸੁਬ੍ਹਾ ਹੋਈ ਤਾਂ ਅੱਖ ਲੱਗ ਗਈ ਵੇਖ ਨਾ ਪਾਏ ਚਾਨਣ ਸੁੱਤੇ ਮਨ ਤੇ ਸੁੱਤੇ ਪੰਨੇ ਭੇਤ ਕਿਵੇਂ ਇਹ ਜਾਨਣ ਕਿ ਰੋਸ਼ਨ ਰੋਸ਼ਨ ਸੂਰਜ ਜਗ ਤੇ ਲੱਗੇ ਲਿਸ਼ਕਾਂ ਤਾਨਣ ਅੱਖਾਂ ਜੋ ਵੀ ਵੇਖਣ, ਜਾਨਣ ਛਾਨਣੀ ਲਾ ਕੇ ਛਾਨਣ ਧੁੰਦਾਂ ਪਾਰ ਸੰਸਾਰ ਨੇ ਕੋਈ ਇਹ ਗੱਲ ਕਿਵੇਂ ਪਛਾਨਣ ਹੋਵਣ ਕਿੰਝ ਅਜ਼ਾਦ ਨਿਗਾਹਾਂ ਮਨ ਦੇ ਖੁੱਲ੍ਹਣ ਬਾਨ੍ਹਣ ਕਿ ਕਾਲੇ ਸ਼ਾਹ ਹਨੇਰਿਆਂ ਵਿਚ ਵੀ ਖੋਜ ਲਈਏ ਅਸੀਂ ਚਾਨਣ

ਤੁਸੀਂ ਵੀ ਚੱਲਣਾ ਉਂਗਲ ਫੜ ਕੇ

ਤੁਸੀਂ ਵੀ ਚੱਲਣਾ ਉਂਗਲ ਫੜ ਕੇ ਮੇਰੇ ਨਾਲ ਉਸ ਬੂਹੇ ਚੋਂ ਕਿਸੇ ਦਿਨ, ਜਦ ਗੁੰਮਣਾ ਚਾਹੋ ਮੈਨੂੰ ਇਕ ਰਾਹ ਪਤਾ ਹੈ ਮੈਂ ਕੱਲ ਰਾਤ ਜਦ ਫਿਰਦੇ ਫਿਰਦੇ ਟੁੱਟੇ ਪੱਤਿਆਂ ਕੁਚਲ ਕੇ ਪੋਲੇ ਕਦਮੀਂ ਲੰਘ ਆਇਆ ਸੀ ਇਸ ਗਰਾਂ ਦੇ ਉਰਲੇ ਪਾਰ ਉਸ ਗਰਾਂ ਦੇ ਹੋਰ ਪਰਾਂ ਸੀ ਇਕ ਸਰਾਂ, ਮੈਂ ਕਿਸੇ ਤਰਾਂ ਖੜਕਾ ਕੇ ਬੂਹੇ ਦਾ ਕੁੰਡਾ ਮੋਰੀ ਵਿਚੋਂ ਦੇਖਿਆ ਸੀ ਮੇਰੇ ਹੀ ਵਰਗਾ ਇਕ ਮੁੰਡਾ ਖਿੜਕੀਆਂ ਚੋਂ ਪਾਰ ਵੇਖਦਾ ਪਾਰ ਵੇਖਦਾ ਮੋਰੀ ਚੋਂ ਮੈਂ ਖੋਲ ਲਿਆ ਸੀ ਬੂਹਾ ਫਿਰ ਕਮਰਾ ਹੋ ਗਿਆ ਖਾਲੀ ਇਕਦਮ ਮੁੰਡਾ ਕਿਤੇ ਅਲੋਪ ਹੋ ਗਿਆ ਕੀ ਖਿੜਕੀ ਚੋਂ ਦੌੜ ਗਿਆ ਸੀ? ਕਿਸ ਦਿਸ਼ਾ ਉਹ ਕਿਸ ਬੰਨੇ? ਮੈਂ ਪੁੱਜਾ ਫਿਰ ਜਾ ਖਿੜਕੀ ਤੇ ਦੇਖਣ ਲੱਗਾ ਦੂਰ ਵਾਰ ਦੂਰ ਵਾਰ ਸੀ ਕੋਈ ਮੈਦਾਨ ਪਾਰ ਮੈਦਾਨ ਦੇ ਇਕ ਸਰਾਂ ਉਸ ਸਰਾਂ ਦਾ ਇਕ ਸੀ ਬੂਹਾ ਉਸ ਬੂਹੇ ਤੇ ਕੋਈ ਖੜਾ ਜਦ ਖੜਕਾਇਆ ਉਸ ਨੇ ਫਿਰ ਬੂਹੇ ਦਾ ਕੁੰਡਾ ਇਕ ਵਾਰ ਮੈਂ ਪਿੱਛੇ ਵੇਖਿਆ, ਬੂਹੇ ਵੱਲ ਕੋਈ ਅੱਖ ਮਾਰ ਰਹੀ ਮੈਨੂੰ ਝਾਤ ਮੈਂ ਫਿਰ ਗਾਇਬ ਹੋ ਗਿਆ, ਜਿੰਨੇ ਨੂੰ ਖੁੱਲਾ ਫਿਰ ਬੂਹਾ ਉਨੇ ਖੁੱਲਿਆ ਸੁਪਨਾ ਮੈਂ ਉਡਾਰੀ ਮਾਰ ਹੋਇਆ ਬਾਹਰ ਫਿਰ ਚੱਲਾਂਗੇ ਉਂਗਲ ਫੜ ਕੇ ਆਪਾਂ ਜੀ ਉਸ ਬੂਹੇ ਤੀਕ...

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ

ਜਦ ਛਾਵਾਂ ਹੇਠਾਂ ਲੇਟੇ ਹੋਵੋ ਅੱਖਾਂ ਹੋਵਣ ਨੱਪੀਆਂ ਹੋਈਆਂ ਰੁੱਖਾਂ ਉਪਰੋਂ ਡਿੱਗਣ, ਢੱਕਣ ਨਿੱਘ ਵਰਤਾਵਣ ਪੱਤੀਆਂ-ਲੋਈਆਂ ਸੋਚ-ਮਸ਼ਾਲਾਂ ਫਿਰ ਬੁੱਝ ਜਾਵਣ ਮੱਧਮ ਜਗਦੀਆਂ ਬੱਤੀਆਂ ਹੋਈਆਂ ਫਿਰ ਮਨ-ਰਾਤਾਂ ਦੇ ਅਸਮਾਨਾਂ ਵਿਚ ਤਾਰਿਆਂ ਦੀਆਂ ਮੋਮਬੱਤੀਆਂ ਹੋਈਆਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਵਿਸਮਾਦ ਰੱਖਿਆ ਹੈ ਜਦ ਗੁੰਮ ਹੋ ਜਾਵੋ ਬੈਠੇ ਬੈਠੇ ਪੁੱਜਣ ਅੱਖਾਂ ਪਾਰ ਦਰਿਆਵਾਂ ਬੰਦ ਕਮਰਿਆਂ ਦੇ ਵਿਚ ਵਗਣ ਲਗਣ ਠੰਢੀਆਂ ਠਾਰ ਹਵਾਵਾਂ ਲੰਘ ਰਹੀਆਂ ਕੋਈ ਖਿਆਲ-ਬਰਾਤਾਂ ਵੇਖ ਆਈਏ ਜੀ ਵਿਚਾਰ-ਵਿਆਹਾਂ ਮੁੜ ਆਈਏ ਜੀ ਕਮਰਿਆਂ ਵਿਚ ਫਿਰ ਥੰਮੀਏ ਫਿਰ ਇਹ ਚੜ੍ਹਦੇ ਸਾਹਾਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਉਡਾਰੀ ਰੱਖਿਆ ਹੈ ਜਦ ਡੂੰਘੀਆਂ ਗੱਲਾਂ ਵਿਚ ਡੁੱਬ ਜਾਵੋ ਸਦੀਆਂ ਤੀਕਣ, ਟੁੱਟਣ ਘੜੀਆਂ ਕੀ ਐਸੇ ਹੋ ਵਿਚਾਰ ਵਟਾਂਉਂਦੇ ਸੁਣਨ ਲਈ ਤਕਦੀਰਾਂ ਖੜੀਆਂ ਕੀਕਣ ਖਿਲਾਰੋ ਸੁਰਤ ਦੇ ਟੋਟੇ ਕੀਕਣ ਜੋੜਦੇ ਜਾਵੋ ਕੜੀਆਂ ਮੁੱਕਦੀਆਂ ਨਹੀਂ ਇਹ ਕਹਿਣ-ਜੋਗੀਆਂ ਫੁੱਟਦੀਆਂ ਜਾਵਣ ਗੱਲਾਂ ਬੜੀਆਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਵਸਲ ਰੱਖਿਆ ਹੈ ਜਦ ਉਧੜ ਜਾਵੋ ਧਾਗਿਆਂ ਵਾਕਣ ਫੁੱਲ ਮੁਰਝਾਵਣ ਗਮਲਿਆਂ ਵਿਚੇ ਫੱਟੜ ਹੋਵੋ, ਰੱਤ ਵੀ ਚੋਵੇ ਮਨ-ਮੈਦਾਨ ਦੇ ਹਮਲਿਆਂ ਵਿਚੇ ਸ਼ਸ਼ੋਪੰਜ ਚ ਨੈਣ ਰੁਕ ਜਾਵਣ ਮਨ ਦੇ ਇਹ ਵਲਵਲਿਆਂ ਵਿਚੇ ਸਮਝ ਨਾ ਆਵੇ...

ਇਕ ਚੂਹਾ ਸੀ, ਇਕ ਬਾਬਾ ਸੀ

ਇਕ ਚੂਹਾ ਸੀ, ਇਕ ਬਾਬਾ ਸੀ, ਤੇ ਬਾਬੇ ਪਾਇਆ ਸਵੈਟਰ ਸੀ ਦੋਨੋ ਜਦ ਮੈਂ ਦੇਖੇ, ਕਰ ਰਹੇ ਆਪਸ ਦੇ ਵਿਚ ਚੈਟਰ ਸੀ ਚੂਹੇ ਨੇ ਕਿਹਾ ਬਾਬੇ ਨੂੰ ਮੇਰਾ ਹੈ ਕੁਛ ਗੁੰਮ ਗਿਆ ਤੁਸੀਂ ਵੱਡੇ ਹੋ, ਮੈਂ ਛੋਟਾ ਹੈ ਤੁਸੀਂ ਸੁਲਝਾਓ ਮੈਟਰ ਜੀ ਇਕ ਸੀ ਸੂਰਜ ਮੇਰੇ ਕੋਲ ਮੈਂ ਅਸਮਾਨ ਚ ਰੱਖਿਆ ਸੀ ਉਹ ਨੀਚੇ ਕਿਤੇ ਹੈ ਗਿਰ ਗਿਆ ਇਹ ਗੱਲ ਬੜੀ ਅਪ-ਸੈਟਰ ਜੀ ਬਾਬੇ ਨੇ ਫਿਰ ਚੂਹੇ ਨੂੰ ਸੀ ਮੋਢੇ ਉੱਤੇ ਬਿਠਾ ਲਿਆ ਤੇ ਮੋਢੇ ਦੇ ਉੱਤੋਂ ਦੀ ਦਿਸ ਰਿਹਾ ਸਭ ਕੁਝ ਬੈਟਰ ਸੀ ਦਿਸ ਪਿਆ ਸੂਰਜ ਚੂਹੇ ਨੇ ਉਹ ਦੇਖ ਕੇ ਲੱਗ ਪਿਆ ਹੱਸਣ ਸੀ ਫਿਰ ਖੁਸ਼ੀ ਨਾਲ ਸੀ ਅੱਖਾਂ ਵਿਚੋ ਹੋ ਗਈ ਪਿਟਰ ਪੈਟਰ ਸੀ ਇਕ ਚੂਹਾ ਸੀ, ਇਕ ਬਾਬਾ ਸੀ, ਤੇ ਬਾਬੇ ਪਾਇਆ ਸਵੈਟਰ ਸੀ ਦੋਨੋ ਜਦ ਮੈਂ ਦੇਖੇ, ਕਰਦੇ ਆਪਸ ਦੇ ਵਿਚ ਚੈਟਰ ਸੀ Inspired by an artwork by Blahjinder

ਤੁਹਾਡਾ ਨੱਕ ਕਿੰਨਾ ਵੱਡਾ ਹੈ

ਤੁਹਾਡਾ ਨੱਕ ਕਿੰਨਾ ਵੱਡਾ ਹੈ ਖਰਬੂਜੇ ਵਰਗਾ ਹੈ ਸਾਡਾ ਨੱਕ ਕਿਉਂ ਨਹੀਂ ਇਕ ਦੂਜੇ ਵਰਗਾ ਹੈ ਮੇਰਾ ਨੱਕ ਲਗਦਾ ਹੈ ਮਟਰ ਦੇ ਦਾਣੇ ਵਾਂਗ ਤੁਹਾਡਾ ਤਾਂ ਮੁਲਾਇਮ ਹੈ ਕਿਸੇ ਸਿਰਹਾਣੇ ਵਾਂਗ ਤੁਹਾਡੇ ਨੱਕ ਦੀ ਮੋਰੀ ਕੀ ਕੋਈ ਗੁਫਾ ਹੈ ਕੀ ਇਸ ਵਿਚ ਸੱਚੀ ਕੋਈ ਸ਼ੇਰ ਰਹਿੰਦਾ ਹੈ? ਤੁਹਾਡੇ ਨੱਕ ਥੱਲੇ ਮੁੱਛ ਹੈ ਕਿਸੇ ਖੇਤਾਂ ਦੇ ਜਿਹੀ ਹੈ ਇਹ ਚਿੱਟੀ ਕਿਵੇਂ ਹੋ ਗਈ? ਇਹ ਗੁਲਾਬੀ ਕਿਉਂ ਨਹੀਂ ਹੈ? ਕਿਸੇ ਵੱਡੇ ਸਾਰੇ ਪਹਾੜ ਵਾਂਗ ਤੁਹਾਡਾ ਇਹ ਚਿਹਰਾ ਹੈ ਤੁਹਾਡਾ ਨੱਕ ਵੱਡਾ ਹੈ ਕਿ ਹੱਥ ਛੋਟਾ ਮੇਰਾ ਹੈ Inspired by this Artwork by Blahjinder

ਭੈਣੇ ਨੀ, ਮੇਰੀ ਚਾਬੀ ਗੁਆਚੀ

ਭੈਣੇ ਨੀ, ਮੇਰੀ ਚਾਬੀ ਗੁਆਚੀ ਰੰਗ ਸੀ ਜਿਸ ਦਾ ਗੁਲਾਬੀ ਗੁਆਚੀ ਫੁੱਲਾਂ ਦੀ ਉਹ ਬਣੀ ਸੀ ਸ਼ਾਇਦ ਇਕ ਲਟਕ ਰਹੀ ਉਸ ਤੇ ਤਣੀ ਸੀ ਸ਼ਾਇਦ ਤਣੀ ਦਾ ਮੈਂ ਸੀ ਪਰਾਂਦਾ ਬਣਾਉਂਦੀ ਗੁੱਤ ਲਾਹੌਰ ਤੱਕ ਲਮਕਦੀ ਜਾਂਦੀ ਲਾਹੌਰ ਸ਼ਹਿਰ ਚ ਇਕ ਗਲੀ ਹੈ ਪਤਲੀ ਇਉਂ ਜਿਵੇਂ ਕੋਈ ਫਲੀ ਹੈ ਉਸ ਵਿਚ ਇਕ ਦੁਕਾਨ ਹੈ ਹੋਣੀ ਗੁਲਾਬੀ ਦੁਕਾਨ, ਤੇ ਬੜੀ ਹੀ ਸੁਹਣੀ ਉਸ ਦੁਕਾਨ ਨੂੰ ਲੱਗਿਆ ਤਾਲਾ ਲੱਭੋ ਕਿਤੇ ਜੀ ਚਾਬੀਆਂ ਵਾਲਾ ਚਾਬੀਆਂ ਵਾਲਾ ਗਿਆ ਪਿਸ਼ੌਰ ਚਾਬੀ ਲਿਆਵੋ ਹੁਣ ਕੋਈ ਹੋਰ ਗੁਲਾਬੀ ਤਾਲੇ ਦੀ ਚਾਬੀ ਗੁਲਾਬੀ ਹਾਂ ਮੇਰੇ ਕੋਲ ਸੀ ਐਸੀ ਇਕ ਚਾਬੀ ਪਰ ਸੱਚ, ਮੇਰੀ ਹੀ ਗੁਲਾਬੀ ਗੁਆਚੀ ਭੈਣੇ ਨੀ, ਮੇਰੀ ਚਾਬੀ ਗੁਆਚੀ

ਇਹ ਜੋ ਓਮਾਹਾ ਪੁੱਛਦੇ ਓ, ਇਹ ਮੇਰੇ ਅੰਦਰੋਂ ਫੁੱਟਿਆ ਏ

ਕੀ ਇਹ ਮੁੱਲ ਖਰੀਦਿਆ ਏ ਜਾਂ ਕਿਸੇ ਉੱਤੋਂ ਸੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਹੁਣ ਛਾਵਾਂ ਹੋ ਗਈਆਂ ਇਹ ਜੋ ਦੁਪਹਿਰਾ ਵਿਗਸਿਆ ਏ ਇਹ ਜੋ ਅਸੀਂ ਖਿੜ ਪਏ ਇਕਦਮ ਹਾਂ ਤੇ ਇਹ ਜੋ ਚਿਹਰਾ ਵਿਗਸਿਆ ਵੇ ਜੋ ਲਾਲੀ ਗੱਲ੍ਹ ਤੇ ਆ ਪਈ ਏ ਤੇ ਇਹ ਜੋ ਹਾਸਾ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਮਿਠਾਸ ਹਰ-ਤਰਫੀ ਹੈ ਇਹ ਜੋ ਅਸੀਂ ਵੰਡੀ ਬਰਫੀ ਹੈ ਇਹ ਜੋ ਅਸੀਂ ਲੜੀਆਂ ਲਾਈਆਂ ਨੇ ਇਹ ਅਸੀਂ ਆਪ ਸਜਾਈਆਂ ਨੇ ਤੁਸੀਂ ਕਿਉਂ ਦੂਰ ਖੜੇ ਪਏ ਹੋ ਤੁਸੀਂ ਕਿਉਂ ਦੰਦੀਆਂ ਘੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਤਾਂ ਅੰਦਰੋਂ ਫੁੱਟਿਆ ਏ ਤੁਸੀਂ ਇਕ ਕੰਮ ਇਹ ਕਰ ਆਵੋ ਕਿ ਆਂਢ ਗੁਆਂਢ ਚ ਜਾ ਆਵੋ ਇਹ ਜੋ ਹੁਣ ਟੋਕਰੀਆਂ ਭਰੀਆਂ ਸਭ ਨੂੰ ਕੁਝ ਫਲ ਛਕਾ ਆਵੋ ਕੀ ਸਭ ਜੋ ਰੁੱਖ ਤੋਂ ਡਿੱਗਿਆ ਏ ਕੀ ਸਭ ਜ਼ਮੀਨ ਚੋਂ ਪੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਕ ਅੱਖਰ ਤੇ ਰੁਕ ਗਏ ਹਾਂ ਇਕ ਅੱਖਰ ਹੀ ਪੜ੍ਹ ਲਈਏ ਇਹ ਅੱਖ ਦਾ ਹਾਸਾ-ਹੰਝੂ ਏ ਹਾਲੇ ਇਹ ਇਕ ਘੁੱਟ ਭਰ ਲਈਏ ਇਹ ਜੋ ਕਿਸੇ ਯਾਦ ਚੋਂ ਨਿਕਲਿਆ ਏ ਇਹ ਜੋ ਹੁਣ ਸਹਿਜੇ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ

ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ?

ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ? ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ? ਹਿਸਾਬ ਕਿਸੇ ਵੀ ਰੱਖਿਆ ਨਾ ਜੀ ਸ਼ਾਮਾਂ ਢਲੀਆਂ ਦਾ ਸ਼ਹਿਰਾਂ ਦੇ ਵਿਚ ਦੱਬ ਗਈਆਂ ਇਹ ਪਿੰਡ ਦੀਆਂ ਗਲੀਆਂ ਦਾ ਕਿਸੇ ਵੀ ਖਾਤੇ ਆਏ ਨਹੀਂ ਇਹ ਹਾਸੇ ਠੱਠੇ ਜੀ ਟੁੱਟੇ ਪੱਤੇ ਕਿਸੇ ਤੋਂ ਵੀ ਨਾ ਹੋਏ ਇਕੱਠੇ ਜੀ ਕਿਸੇ ਵੀ ਤੋਲ, ਤੋਲ ਨਾ ਪਾਏ, ਰੀਝ ਸੰਭਾਲੀ ਨੂੰ ਕਿਹੜੇ ਰੰਗ ਦਾ ਆਖਣਾ ਹੈ ਅੱਖ ਦੀ ਲਾਲੀ ਨੂੰ ਕਿਹੜੀਆਂ ਗੁੱਤਾਂ ਗੁੰਧਾਂਗੇ ਹੁਣ ਭੂਰੇ ਵਾਲਾਂ ਨੂੰ ਕਿਹੜੇ ਧਾਗੇ ਪਿਰੋਵਾਂਗੇ ਉਧੜੇ ਖਿਆਲਾਂ ਨੂੰ ਪੈਰ ਤਾਂ ਮੇਰੇ ਰਾਜ਼ੀ ਨੇ ਪਰ ਸੈਰਾਂ ਗੁੰਮ ਗਈਆਂ ਟਹਿਕਦੀਆਂ ਗੁਲਦਾਊਦੀਆਂ ਵਿਚ ਸ਼ਹਿਰਾਂ ਗੁੰਮ ਗਈਆਂ ਮੈਂ ਜਦ ਦਾ ਬਣਿਆ ਸਾਗਰ ਤਦ ਤੋਂ ਲਹਿਰਾਂ ਗੁੰਮ ਗਈਆਂ ਅਰਦਾਸਾਂ ਸਾਂਭੀ ਆਏ ਹਾਂ ਪਰ ਖੈਰਾਂ ਗੁੰਮ ਗਈਆਂ ਇਹ ਅੱਤਰ ਹਵਾ ਚ ਤਰਦੇ ਨੇ, ਸੁਨੇਹੇ ਸਮਿਆਂ ਦੇ ਜਦ ਅਸੀਂ ਵੀ ਮਾਲੀ ਹੁੰਦੇ ਸੀ, ਅਜੇਹੇ ਸਮਿਆਂ ਦੇ ਪਲ ਲਿਆਵੇ ਕੌਣ ਜੋ ਹੁਣ ਸਮਿਆਂ ਵਿਚ ਚਿਣਿਆ ਏ? ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ? ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ?

ਮੈਂ ਉਡੀਕਾਂਗਾ ਸਰੋਵਰ ਕੰਢੇ

ਮੈਂ ਉਡੀਕਾਂਗਾ ਸਰੋਵਰ ਕੰਢੇ ਤੁਸੀਂ ਆਉਣਾ ਲਹਿਰ ਹੋ ਕੇ ਉਸ ਰੁਕੇ ਸਮੇਂ, ਪਲ ਬਣ ਕੇ ਸ਼ਾਮ ਦਾ ਉਹ ਪਹਿਰ ਹੋ ਕੇ ਉਸ ਸ਼ਾਮ ਜਦ ਸੂਰਜ ਢਲਣਾ ਅੰਬਰ ਵੇਖਣਾ ਨੀਵਾਂ ਹੋ ਕੇ ਤੁਸੀਂ ਉਜਾਲੇ ਬਿਖੇਰ ਦੇਣਾ ਮੇਰੇ ਨੇੜੇ ਕੋਈ ਦੀਵਾ ਹੋ ਕੇ ਸੰਗਤ ਬਣ ਕੇ ਦਿਖ ਪੈਣਾ ਪਰਿਕਰਮਾ ਦਾ ਰਾਹੀ ਬਣ ਕੇ ਮੇਰੇ ਸ਼ਬਦਾਂ ਦਾ ਰੂਪ ਬਣਨਾ ਤੁਸੀਂ ਮੇਰੀ ਸਿਆਹੀ ਬਣ ਕੇ ਮੈਂ ਛੱਲ ਵਿਚੋਂ ਜਦ ਜਲ ਕੱਢਾਂ ਤੁਸੀਂ ਆਉਣਾ ਕਤਰਾ ਹੋ ਕੇ ਕਿਤਾਬ ਦੇ ਕਈ ਕਿੱਸਿਆਂ ਵਿਚ ਆਉਣਾ ਤੁਸੀਂ ਇਕ ਪਤਰਾ ਹੋ ਕੇ ਫਿਰ ਸੁਰਤ ਹੋਣੀ ਡੂੰਘੀ ਜਦ ਜਦ ਆਉਣਾ ਮਨ ਦਾ ਹਾਲ ਬਣ ਕੇ ਲਿਖਣ ਜੋਗੀਆਂ ਧੜਕਣਾਂ ਵਿਚ ਉਤਰ ਆਉਣਾ ਖਿਆਲ ਬਣ ਕੇ ਲਹਿਰ ਬਣ ਜੇ ਨਹੀਂ ਆਉਣਾ ਆਉਣਾ ਬੂੰਦ ਮਾਤਰ ਬਣ ਕੇ ਆਉਣਾ ਪਿਆਰੇ ਜ਼ਰੂਰ ਤੁਸੀਂ ਮੇਰੀ ਕਹਾਣੀ ਪਾਤਰ ਬਣ ਕੇ